ਬੈਂਕ ਚੋਂ 30 ਹਜ਼ਾਰ ਕੱਢਵਾ ਕੇ ਸਕੂਟੀ ਤੇ ਜਾ ਰਹੀ ਔਰਤ ਕੋਲੋਂ ਲੁੱਟਿਆ ਪਰਸ ਡਿੱਗਣ ਨਾਲ ਔਰਤ ਦੇ ਸਿਰ 'ਤੇ ਆਈ ਗਹਿਰੀ ਸੱਟ, ਲੱਗੇ 8 ਟਾਂਕੇ
ਗੁਰਦਾਸਪੁਰ 21 ਫਰਵਰੀ 2025 (ਜਸਪਾਲ ਚੰਦਨ) – ਜਿਲ੍ਹੇ ਵਿੱਚ ਲੁੱਟ-ਖੋਹ ਦੀਆਂ ਵਾਰਦਾਤਾਂ ਨਿਰੰਤਰ ਵਧ ਰਹੀਆਂ ਹਨ। ਅੱਜ ਦੁਪਹਿਰ ਬਾਅਦ ਪਿੰਡ ਗਾਹਲੜੀ ਸਥਿਤ ਗੁਰਦੁਆਰਾ ਸ਼੍ਰੀ ਟਾਹਲੀ ਸਾਹਿਬ ਮਾਰਗ 'ਤੇ ਇੱਕ ਔਰਤ, ਜੋ ਕਿ ਬੈਂਕ ਤੋਂ 30 ਹਜ਼ਾਰ ਰੁਪਏ ਕਢਵਾ ਕੇ ਆਪਣੀ ਬੇਟੀ ਦੇ ਨਾਲ ਸਕੂਟੀ 'ਤੇ ਵਾਪਸ ਆ ਰਹੀ ਸੀ, ਲੁਟੇਰਿਆਂ ਦਾ ਸ਼ਿਕਾਰ ਬਣੀ। ਮਿਲੀ ਜਾਣਕਾਰੀ ਮੁਤਾਬਕ, ਮੋਟਰਸਾਈਕਲ 'ਤੇ ਆਏ ਤਿੰਨ ਲੁਟੇਰਿਆਂ ਨੇ ਪਿੱਛੋਂ ਆ ਕੇ ਔਰਤ ਦਾ ਪਰਸ ਖੋਹ ਲਿਆ ਜਿਸ ਕਰਕੇ ਔਰਤ ਸੰਤੁਲਨ ਗਵਾ ਬੈਠੀ ਅਤੇ ਸਕੂਟੀ ਤੋਂ ਡਿੱਗ ਪਈ। ਡਿੱਗਣ ਨਾਲ ਉਸਦੇ ਸਿਰ 'ਤੇ ਗਹਿਰੀ ਸੱਟ ਲੱਗੀ ਅਤੇ 8 ਟਾਂਕੇ ਲਗਾਉਣੇ ਪਏ। ਵਾਰਦਾਤ ਤੋਂ ਬਾਅਦ ਔਰਤ ਇੰਨੀ ਸਹਿਮ ਗਈ ਕਿ ਉਹ ਮੀਡੀਆ ਸਾਹਮਣੇ ਗੱਲ ਕਰਨ ਤੋਂ ਵੀ ਕਤਰਾ ਰਹੀ ਸੀ । ਉਸ ਦੀ ਬੇਟੀ ਨੇ ਦੱਸਿਆ ਕਿ ਉਹ ਲੋਕ ਬਹਿਰਾਮ ਪੁਰ ਦੇ ਇੱਕ ਨਿੱਜੀ ਬੈਂਕ ਤੋਂ 30 ਹਜ਼ਾਰ ਰੁਪਏ ਕਢਵਾ ਕੇ ਘਰ ਵਾਪਸ ਜਾ ਰਹੇ ਸਨ ਜਦੋਂ ਪਿੰਡ ਬਾਉਪੁਰ ਨੇੜੇ ਆਏ ਤਾਂ ਮੋਟਰਸਾਈਕਲ 'ਤੇ ਆਏ ਤਿੰਨ ਲੁਟੇਰਿਆ ਨੇ ਉਸਦੀ ਮਾਂ ਦਾ ਪਰਸ ਝਪਟ ਕੇ ਗੁਰਦੁਆਰਾ ਸ਼੍ਰੀ ਟਾਹਲੀ ਸਾਹਿਬ ਮਾਰਗ ਵੱਲ ਭੱਜ ਗਏ। ਇਸ ਵਾਰਦਾਤ ਤੋਂ ਬਾਅਦ ਆਸ-ਪਾਸ ਦੇ ਲੋਕਾਂ ਨੇ ਔਰਤ ਨੂੰ ਤੁਰੰਤ ਹਸਪਤਾਲ ਪਹੁੰਚਾਇਆ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਲੁਟੇਰਿਆਂ ਦੀ ਪਛਾਣ ਲਈ ਅਗਾਂਹੀ ਜਾਂਚ ਜਾਰੀ ਹੈ।.
PUBLISHED BY LMI DAILY NEWS PUNJAB
My post content
