‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਜਲੰਧਰ ਪ੍ਰਸ਼ਾਸਨ ਨੇ ਦਵਾਈਆਂ ਦੀ ਅਣ-ਅਧਿਕਾਰਤ ਵਿਕਰੀ ਖਿਲਾਫ਼ ਸ਼ਿਕੰਜਾ ਕੱਸਿਆ 2 ਲੱਖ ਤੋਂ ਵੱਧ ਕੀਮਤ ਦੀਆਂ ਦਵਾਈਆਂ ਜ਼ਬਤ, ਤਿਲਕ ਨਗਰ ’ਚ ਕੈਮਿਸਟ ਖਿਲਾਫ਼ ਐਫ.ਆਈ.ਆਰ.ਦਰਜ

ਜਲੰਧਰ, 6 ਅਪ੍ਰੈਲ (ਰਮੇਸ਼ ਗਾਬਾ): ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਸ਼ੁਰੂ ਕੀਤੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਨੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੀਆਂ ਸਖ਼ਤ ਹਦਾਇਤਾਂ ’ਤੇ ਵੱਡੀ ਕਾਰਵਾਈ ਕਰਦਿਆਂ ਨਸ਼ੇ ਦੇ ਤੌਰ ’ਤੇ ਵਰਤੀਆਂ ਜਾ ਸਕਣ ਵਾਲੀਆਂ ਦਵਾਈਆਂ ਦੀ ਅਣ-ਅਧਿਕਾਰਤ ਵਿਕਰੀ ਵਿੱਚ ਸ਼ਾਮਲ ਕੈਮਿਸਟ ਦੀ ਦੁਕਾਨ ਤੋਂ 2,14,085 ਰੁਪਏ ਦੀਆਂ ਦਵਾਈਆਂ ਜ਼ਬਤ ਕੀਤੀਆਂ ਹਨ। ਸਿਹਤ ਅਤੇ ਪੁਲਿਸ ਵਿਭਾਗ ਦੀਆਂ ਸਾਂਝੀਆਂ ਟੀਮਾਂ ਵੱਲੋਂ ਮੈ/ਸ ਕੈਪੀਟਲ ਫਾਰਮਾ, ਦੁਕਾਨ ਨੰਬਰ 8, ਤਿਲਕ ਨਗਰ ਰੋਡ, ਜਲੰਧਰ ਸ਼ਹਿਰ ਵਿੱਚ ਛਾਪੇਮਾਰੀ ਕਰਕੇ 19 ਤਰ੍ਹਾਂ ਦੀਆਂ ਐਲੋਪੈਥੀ ਦਵਾਈਆਂ, ਜਿਨ੍ਹਾਂ ਵਿੱਚ ਪ੍ਰੀਗੇਬਲਿਨ ਕੈਪਸੂਲ, ਗੈਬਾਪੇਨਟਿਨ ਕੈਪਸੂਲ/ਗੋਲੀਆਂ ਅਤੇ ਡਾਈਸਾਈਕਲੋਮਾਈਨ ਗੋਲੀਆਂ ਸ਼ਾਮਿਲ ਸਨ, ਜ਼ਰੂਰੀ ਖ਼ਰੀਦ ਅਤੇ ਵੇਚ ਰਿਕਾਰਡ ਨਾ ਹੋਣ ਕਰਕੇ ਜ਼ਬਤ ਕੀਤੀਆਂ ਗਈਆਂ। ਡਿਪਟੀ ਕਮਿਸ਼ਨਰ ਡਾ.ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪ੍ਰੀਗੇਬਲਿਨ, ਗੈਬਾਪੇਨਟਿਨ ਅਤੇ ਐਨਾਫੋਰਟਨ ਇੰਜੈਕਸ਼ਨ ਸਮੇਤ ਕੁਝ ਦਵਾਈਆਂ ਦੀ ਵਿਕਰੀ ਨੂੰ ਸਖ਼ਤੀ ਨਾਲ ਨਿਯੰਤਰਿਤ ਕੀਤਾ ਹੈ ਤਾਂ ਜੋ ਨਸ਼ੇ ਵਜੋਂ ਇਨ੍ਹਾਂ ਦੀ ਦੁਰਵਰਤੋਂ ਨੂੰ ਰੋਕਿਆ ਜਾ ਸਕੇ। ਉਨ੍ਹਾਂ ਅੱਗੇ ਦੱਸਿਆ ਕਿ ਜਾਂਚ ਟੀਮ ਵੱਲੋਂ 5128 ਪ੍ਰੀਗੇਬਲਿਨ ਕੈਪਸੂਲ, 1100 ਗੈਬਾਪੇਨਟਿਨ ਕੈਪਸੂਲ, 700 ਗੈਬਾਪੇਨਟਿਨ ਗੋਲੀਆਂ ਅਤੇ 4400 ਡਾਈਸਾਈਕਲੋਮਾਈਨ ਗੋਲੀਆਂ ਜ਼ਬਤ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਦੁਕਾਨ ਦੇ ਮਾਲਕ ਖਿਲਾਫ਼ ਐਫ.ਆਈ.ਆਰ.ਦਰਜ ਕਰ ਲਈ ਗਈ ਹੈ ਅਤੇ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਹਾਲ ਹੀ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜਮਸ਼ੇਰ ਵਿਖੇ ਗੈਰ ਕਾਨੂੰਨੀ ਨਸ਼ਾ ਛੁਡਾਊ ਕੇਂਦਰ ਨੂੰ ਸੀਲ ਕਰਕੇ 34 ਨੌਜਵਾਨਾਂ ਨੂੰ ਛੁਡਾਇਆ ਗਿਆ ਹੈ। ਡਾ.ਅਗਰਵਾਲ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਸ਼ਿਆਂ ’ਤੇ ਨਿਰਭਰ ਲੋਕਾਂ ਦੇ ਮੁੜ ਵਸੇਬੇ ਅਤੇ ਉਨ੍ਹਾਂ ਨੂੰ ਸਮਾਜ ਦੀ ਮੁੱਖ ਧਾਰਾ ਵਿੱਚ ਵਾਪਿਸ ਲਿਆਉਣ ਲਈ ਵਚਨਬੱਧਤਾ ਦੁਹਰਾਈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਨਸ਼ਿਆਂ ਸਬੰਧੀ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਲਈ ਜ਼ਿਲ੍ਹਾ ਨਸ਼ਾ ਛੁਡਾਊ ਹੈਲਪਲਾਈਨ ਨੰਬਰ 0181-2911960 ’ਤੇ ਸੰਪਰਕ ਕਰਨ ਲਈ ਕਿਹਾ। ਉਨ੍ਹਾਂ ਇਹ ਵੀ ਕਿਹਾ ਕਿ ਨਸ਼ਿਆਂ ਸਬੰਧੀ ਕੋਈ ਵੀ ਜਾਣਕਾਰੀ ਵਟਸਐਪ ਨੰਬਰ 9779-100-200 ’ਤੇ ਸਾਂਝੀ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਸਬੰਧੀ ਕਿਸੇ ਵੀ ਗਤੀਵਿਧੀ ਸਬੰਧੀ ਜਾਣਕਾਰੀ ਦੇਣ ਵਾਲੇ ਦੀ ਪਹਿਚਾਣ ਗੁਪਤ ਰੱਖੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਸਿਹਤਮੰਦ ਤੇ ਸੁਰੱਖਿਅਤ ਸਮਾਜ ਲਈ ਜ਼ਿਲ੍ਹਾ ਵਾਸੀਆਂ ਨੂੰ ਨਸ਼ਿਆਂ ਖਿਲਾਫ਼ ਸ਼ੁਰੂ ਕੀਤੀ ਗਈ ਜੰਗ ਵਿੱਚ ਸਰਗਰਮ ਯੋਗਦਾਨ ਪਾਉਣ ਦੀ ਅਪੀਲ ਵੀ ਕੀਤੀ।.

PUBLISHED BY LMI DAILY NEWS PUNJAB

Ramesh Gaba

4/6/20251 min read

black blue and yellow textile
black blue and yellow textile

My post content