ਮਾਰਕੀਟ ਕਮੇਟੀ ਦੇ ਮੰਡੀ ਸੁਪਰਵਾਈਜ਼ਰ ਨੂੰ 7,000 ਹਜ਼ਾਰ ਦੀ ਰਿਸ਼ਵਤ ਲੈਂਦੇ ਹੋਏ ਵਿਜੀਲੈਂਸ ਬਿਊਰੋ ਨੇ ਕੀਤਾ ਗ੍ਰਿਫ਼ਤਾਰ
ਗੁਰਦਾਸਪੁਰ 16 ਅਪ੍ਰੈਲ, 2025(ਜਸਪਾਲ ਚੰਦਨ) ਪੰਜਾਬ ਵਿਜੀਲੈਂਸ ਬਿਊਰੋ ਨੇ ਰਾਜ ਵਿੱਚ ਭ੍ਰਿਸ਼ਟਾਚਾਰ ਖ਼ਿਲਾਫ਼ ਚਲ ਰਹੀ ਮੁਹਿੰਮ ਤਹਿਤ ਗੁਰਦਾਸਪੁਰ ਜ਼ਿਲ੍ਹੇ ਦੀ ਮਾਰਕੀਟ ਕਮੇਟੀ ਕਾਹਨੂੰਵਾਨ ਵਿੱਚ ਤਾਇਨਾਤ ਮੰਡੀ ਸੁਪਰਵਾਈਜ਼ਰ ਰਸ਼ਪਾਲ ਸਿੰਘ ਨੂੰ 7,000 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਦੋਸ਼ੀ ਨੂੰ ਅਨਾਜ ਮੰਡੀ ਕਾਹਨੂੰਵਾਨ ਦੇ ਇੱਕ ਆੜਤੀ ਵੱਲੋਂ ਦਿੱਤੀ ਗਈ ਸ਼ਿਕਾਇਤ ਦੇ ਆਧਾਰ 'ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।ਉਹਨਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਨੂੰ ਦੱਸਿਆ ਕਿ ਮਾਰਕੀਟ ਕਮੇਟੀ ਕਾਹਨੂੰਵਾਨ ਨੇ ਦਸੰਬਰ 2024 ਵਿੱਚ ਉਸ ਦੀ ਫ਼ਰਮ 'ਤੇ ਗਲਤ ਢੰਗ ਨਾਲ 18,610 ਰੁਪਏ ਦਾ ਜੁਰਮਾਨਾ ਲਾਇਆ ਸੀ। ਬਾਰ-ਬਾਰ ਕੋਸ਼ਿਸ਼ਾਂ ਦੇ ਬਾਵਜੂਦ ਵੀ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨੇ ਇਹ ਜੁਰਮਾਨਾ ਵਾਪਸ ਨਹੀਂ ਲਿਆ। ਕਿਉਂਕਿ ਗੰਢਮ ਦੀ ਖਰੀਦ ਦਾ ਮੌਸਮ ਨਜ਼ਦੀਕ ਸੀ, ਤਾਂ ਉਸ ਨੂੰ ਆਪਣੀ ਦੂਜੀ ਫ਼ਰਮ (ਜੋ ਉਸ ਦੀ ਮਾਂ ਦੇ ਨਾਂ 'ਤੇ ਰਜਿਸਟ੍ਰਡ ਸੀ) ਦਾ ਮਿਆਦ ਖਤਮ ਹੋ ਚੁੱਕਾ ਲਾਇਸੈਂਸ ਰੀਨਿਊ ਕਰਵਾਉਣ ਦੀ ਲੋੜ ਸੀ।ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਜਦੋਂ ਉਸ ਨੇ ਇਹ ਦੋਵੇਂ ਮਾਮਲੇ ਸੁਲਝਾਉਣ ਲਈ ਰਸ਼ਪਾਲ ਸਿੰਘ ਨਾਲ ਸੰਪਰਕ ਕੀਤਾ ਤਾਂ ਉਸ ਨੇ 8,000 ਰੁਪਏ ਦੀ ਰਿਸ਼ਵਤ ਮੰਗੀ, ਪਰ ਬਾਅਦ ਵਿੱਚ ਝਿੜਕ ਦੇਣ ਉੱਤੇ ਇਹ ਰਕਮ ਘਟਾ ਕੇ 7,000 ਰੁਪਏ ਕਰ ਦਿੱਤੀ ਗਈ। ਬੁਲਾਰੇ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਤੋਂ ਬਾਅਦ ਵਿਜੀਲੈਂਸ ਬਿਊਰੋ ਅੰਮ੍ਰਿਤਸਰ ਰੇਂਜ ਦੀ ਟੀਮ ਵੱਲੋਂ ਇੱਕ ਜਾਲ ਬਿਛਾਇਆ ਗਿਆ, ਜਿਸ ਵਿੱਚ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਰਸ਼ਪਾਲ ਸਿੰਘ ਨੂੰ 7,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਫੜ ਲਿਆ ਗਿਆ। ਇਸ ਸਬੰਧੀ ਵਿਜੀਲੈਂਸ ਬਿਊਰੋ ਥਾਣਾ ਅੰਮ੍ਰਿਤਸਰ ਰੇਂਜ 'ਚ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ.
PUBLISHED BY LMI DAILY NEWS PUNJAB
My post content
