ਘੁਮਾਣ 'ਚ ਦਿਨ ਦਿਹਾੜੇ ਗੋਲੀਆਂ ਚੱਲੀਆਂ, ਪ੍ਰੋਪਰਟੀ ਡੀਲਰ ਦੇ ਦਫ਼ਤਰ 'ਤੇ ਹੋਈ ਫਾਇਰਿੰਗ,, ਫਿਰੌਤੀ ਦੀ ਧਮਕੀ ਤੋਂ ਬਾਅਦ ਗੈਂਗਸਟਰਾਂ ਵੱਲੋਂ ਦਹਿਸ਼ਤ ਦਾ ਮਾਹੌਲ,,
ਘੁਮਾਣ (ਜਸਪਾਲ ਚੰਦਨ), 21 ਮਈ 2025 ਹਲਕਾ ਸ੍ਰੀ ਹਰਿਗੋਬਿੰਦਪੁਰ ਦੇ ਅਧੀਨ ਆਉਂਦੇ ਕਸਬਾ ਘੁਮਾਣ ਵਿਚ ਕਾਨੂੰਨ ਵਿਵਸਥਾ ਨੂੰ ਚੁਣੌਤੀ ਦਿੰਦਿਆਂ ਦਿਨ ਦਿਹਾੜੇ ਅਣਪਛਾਤੇ ਹਮਲਾਵਰਾਂ ਵੱਲੋਂ ਇੱਕ ਪ੍ਰੋਪਰਟੀ ਡੀਲਰ ਦੇ ਦਫ਼ਤਰ ਉਤੇ ਗੋਲੀਆਂ ਚਲਾਉਣ ਦੀ ਘਟਨਾ ਸਾਹਮਣੇ ਆਈ ਹੈ। ਇਸ ਕਾਰਨ ਇਲਾਕੇ ਵਿੱਚ ਭੈਅ ਦਾ ਮਾਹੌਲ ਬਣ ਗਿਆ ਹੈ। ਸੂਤਰਾਂ ਅਨੁਸਾਰ, ਘੁਮਾਣ ਦੇ ਵਸੀਬਾ ਅਤੇ ਸਾਬਕਾ ਸਰਪੰਚ ਸੁਖਵਿੰਦਰ ਸਿੰਘ ਉਰਫ ਸੁੱਖਾ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਨੂੰ ਅਣਜਾਣ ਗੈਂਗਸਟਰਾਂ ਵੱਲੋਂ 50 ਲੱਖ ਰੁਪਏ ਦੀ ਫਿਰੌਤੀ ਲਈ ਧਮਕੀਆਂ ਮਿਲੀਆਂ ਸਨ। ਇਸ ਸਬੰਧੀ ਉਨ੍ਹਾਂ ਨੇ ਥਾਣਾ ਘੁਮਾਣ ਵਿੱਚ ਲਿਖਤੀ ਸ਼ਿਕਾਇਤ ਦਰਜ ਕਰਵਾਈ ਸੀ। ਸੁਖਵਿੰਦਰ ਸਿੰਘ ਮੁਤਾਬਕ, ਅੱਜ ਦੋਪਹਿਰ ਕਰੀਬ 2:30 ਵਜੇ, ਦੋ ਅਣਪਛਾਤੇ ਨੌਜਵਾਨ ਮੋਟਰਸਾਈਕਲ 'ਤੇ ਆਏ ਅਤੇ ਉਨ੍ਹਾਂ ਦੇ ਦਫ਼ਤਰ ਦੇ ਬਾਹਰ ਅਚਾਨਕ ਗੋਲੀਆਂ ਚਲਾ ਦਿੱਤੀਆਂ। ਦੋ ਗੋਲੀਆਂ ਦਫ਼ਤਰ ਦੇ ਸ਼ੀਸ਼ਿਆਂ ਨੂੰ ਭੇਦਦੀਆਂ ਹੋਈਆਂ ਅੰਦਰ ਦੀਆਂ ਦੀਵਾਰਾਂ ਵਿੱਚ ਲੱਗੀਆਂ। ਖੁਸ਼ਕਿਸਮਤੀ ਨਾਲ, ਉਸ ਵੇਲੇ ਦਫ਼ਤਰ ਵਿੱਚ ਕੋਈ ਵੀ ਮੌਜੂਦ ਨਹੀਂ ਸੀ, ਨਹੀਂ ਤਾਂ ਜਾਨੀ ਨੁਕਸਾਨ ਹੋ ਸਕਦਾ ਸੀ। ਘਟਨਾ ਦੀ ਜਾਣਕਾਰੀ ਮਿਲਦਿਆਂ ਥਾਣਾ ਘੁਮਾਣ ਦੇ ਮੁਖੀ ਐਸਐਚਓ ਬਿਕਰਮ ਸਿੰਘ ਤੁਰੰਤ ਮੌਕੇ 'ਤੇ ਪਹੁੰਚੇ ਅਤੇ ਪੂਰੀ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਨੇੜਲੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਨੂੰ ਜਲਦੀ ਕਾਬੂ ਕੀਤਾ ਜਾਵੇਗਾ। ਇਸ ਹਾਦਸੇ ਨੇ ਇਲਾਕੇ ਦੇ ਵਪਾਰੀ ਵਰਗ ਅਤੇ ਆਮ ਲੋਕਾਂ ਵਿੱਚ ਚਿੰਤਾ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਲੋਕਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਗੈਂਗਸਟਰਾਂ ਵਿਰੁੱਧ ਸਖ਼ਤ ਕਾਰਵਾਈ ਕਰਕੇ ਇਲਾਕੇ ਵਿੱਚ ਅਮਨ-ਸ਼ਾਂਤੀ ਕਾਇਮ ਰੱਖੀ ਜਾਵੇ।.
PUBLISHED BY LMI DAILY NEWS PUNJAB
My post content
