ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਕਬਜ਼ਾ ਲੈਣ ਮੌਕੇ ਚੀਮਾਂ ਖੁੱਡੀ 'ਚ ਤਣਾਅ ਦਾ ਮਾਹੌਲ, ਪੁਲਿਸ ਤੇ ਕਿਸਾਨ ਆਹਮੋ-ਸਾਹਮਣੇ ਕਿਸਾਨਾਂ ਵੱਲੋਂ ਰੋਸ਼ ਪ੍ਰਦਰਸ਼ਨ, ਹਾਈਵੇ ਕੰਮ ਰੁਕਵਾਇਆ, 19 ਜੂਨ ਨੂੰ ਹੋਵੇਗੀ ਮੀਟਿੰਗ।
ਸ਼੍ਰੀ ਹਰਗੋਬਿੰਦਪੁਰ ਸਾਹਿਬ 17 ਜੂਨ 2025 (ਜਸਪਾਲ ਚੰਦਨ): ਪਿੰਡ ਚੀਮਾਂ ਖੁੱਡੀ ਵਿਖੇ ਅੱਜ ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਜੰਮੂ-ਕੱਟੜਾ ਹਾਈਵੇ ਦੇ ਕੰਮ ਲਈ ਕਬਜ਼ਾ ਲੈਣ ਮੌਕੇ ਭਾਰੀ ਪੁਲਿਸ ਫੋਰਸ ਦੀ ਮੌਜੂਦਗੀ ਹੇਠ ਤਣਾਅ ਦਾ ਮਾਹੌਲ ਬਣ ਗਿਆ। ਜਦ ਪੁਲਿਸ ਨੇ ਜ਼ਮੀਨ 'ਤੇ ਕਬਜ਼ਾ ਲੈਣ ਦੀ ਕੋਸ਼ਿਸ਼ ਕੀਤੀ ਤਾਂ ਕਿਸਾਨ ਅਜੈਬ ਸਿੰਘ ਵੱਲੋਂ ਯੋਗ ਮੁਆਵਜ਼ੇ ਦੀ ਮੰਗ ਕੀਤੀ ਗਈ ਜਿਸ ਦੌਰਾਨ ਪੁਲਿਸ ਵੱਲੋਂ ਉਸ ਨਾਲ ਧੱਕਾ ਮੁੱਕੀ ਹੋਈ। ਇਸ ਘਟਨਾ ਤੋਂ ਬਾਅਦ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਆਗੂ ਹਰਵਿੰਦਰ ਸਿੰਘ ਮਸਾਣੀਆਂ, ਜ਼ਿਲ੍ਹਾ ਆਗੂ ਹਰਭਜਨ ਸਿੰਘ, ਗੁਰਪ੍ਰੀਤ ਸਿੰਘ ਖਾਨਪੁਰ, ਸੂਬੇਦਾਰ ਰਛਪਾਲ ਸਿੰਘ ਸਣੇ ਸੈਂਕੜੇ ਕਿਸਾਨਾਂ ਨੇ ਠਾਹਰ ਕੇ ਰੋਸ਼ ਪ੍ਰਦਰਸ਼ਨ ਕੀਤਾ। ਕਿਸਾਨਾਂ ਨੇ ਹਾਈਵੇ ਦੇ ਕੰਮ ਨੂੰ ਰੁਕਵਾ ਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਜ਼ਮੀਨ ਦਾ ਮੁਆਵਜ਼ਾ ਨਾ ਮਿਲਣ ਤੱਕ ਕਿਸੇ ਕਿਸਮ ਦੇ ਕਬਜ਼ੇ ਨੂੰ ਨਾ ਸਹਿਣ ਦੀ ਚੇਤਾਵਨੀ ਦਿੱਤੀ। ਕਿਸਾਨ ਆਗੂਆਂ ਨੇ ਦੱਸਿਆ ਕਿ ਹਾਈਵੇ ਅਥਾਰਟੀ ਵੱਲੋਂ ਕੁਝ ਹਿੱਸੇ ਦੀ ਜ਼ਮੀਨ 'ਤੇ ਜ਼ਬਰਦਸਤੀ ਕਬਜ਼ਾ ਲਿਆ ਗਿਆ ਜਿਥੇ ਕਿਸਾਨਾਂ ਵੱਲੋਂ ਵਿਰੋਧ ਪ੍ਰਗਟਾਉਂਦੇ ਹੋਏ ਝੋਨਾ ਲਗਾ ਦਿੱਤਾ ਗਿਆ। ਮੌਕੇ 'ਤੇ ਪਹੁੰਚੇ ਏਡੀਸੀ ਗੁਰਦਾਸਪੁਰ ਹਰਜਿੰਦਰ ਸਿੰਘ ਬੇਦੀ, ਐਸ.ਡੀ.ਐਮ. ਬਟਾਲਾ ਬਿਕਰਮਜੀਤ ਸਿੰਘ ਪਾਂਥੇ, ਨਾਇਬ ਤਹਿਸੀਲਦਾਰ ਵਿਨੋਦ ਮਹਿਤਾ ਅਤੇ ਡੀ.ਐਸ.ਪੀ. ਹਰੀਸ਼ ਬਹਿਲ ਨੇ ਕਿਸਾਨਾਂ ਨਾਲ ਗੱਲਬਾਤ ਕੀਤੀ। ਏ.ਡੀ.ਸੀ. ਬੇਦੀ ਨੇ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਜਿਨ੍ਹਾਂ ਜ਼ਮੀਨਾਂ ਦੀ ਕਾਗਜ਼ੀ ਕਾਰਵਾਈ ਪੂਰੀ ਹੋ ਚੁੱਕੀ ਹੈ, ਸਿਰਫ਼ ਉਨ੍ਹਾਂ 'ਤੇ ਹੀ ਕਬਜ਼ਾ ਲਿਆ ਜਾਵੇਗਾ। ਜਿਨ੍ਹਾਂ ਜ਼ਮੀਨਾਂ ਨੂੰ ਲੈ ਕੇ ਅਣਸਹਿਮਤੀਆਂ ਹਨ, ਉਨ੍ਹਾਂ ਦੇ ਹੱਲ ਲਈ 19 ਜੂਨ ਨੂੰ ਕਿਸਾਨ ਆਗੂਆਂ ਨਾਲ ਮੀਟਿੰਗ ਰੱਖੀ ਗਈ ਹੈ। ਇਸ ਮਾਮਲੇ ਨੇ ਇੱਕ ਵਾਰ ਫਿਰ ਵਿਕਾਸ ਕਾਰਜਾਂ ਤੇ ਜਾਇਜ਼ ਮੁਆਵਜ਼ੇ ਦੇ ਮਸਲੇ ਨੂੰ ਚਰਚਾ 'ਚ ਲਿਆ ਦਿੱਤਾ ਹੈ। ਹੁਣ ਵੇਖਣਾ ਇਹ ਹੋਵੇਗਾ ਕਿ 19 ਜੂਨ ਦੀ ਮੀਟਿੰਗ 'ਚ ਕਿਹੋ ਜਿਹਾ ਫੈਸਲਾ ਹੁੰਦਾ ਹੈ।.
PUBLISHED BY LMI DAILY NEWS PUNJAB
My post content
