ਜਲੰਧਰ ਦਿਹਾਤੀ ਪੁਲਿਸ ਨੇ ਵਿਸ਼ਵ ਪ੍ਰਸਿੱਧ ਦੌੜਾਕ ਫੌਜਾ ਸਿੰਘ ਦੀ ਸੜਕ ਹਾਦਸੇ ’ਚ ਹੋਈ ਮੌਤ ਦਾ ਮਾਮਲਾ ਸੁਲਝਾਇਆ ਮੁਲਜ਼ਮ ਕਾਰ ਸਮੇਤ 30 ਘੰਟਿਆਂ ’ਚ ਗ੍ਰਿਫ਼ਤਾਰ

ਜਲੰਧਰ, 16 ਜੁਲਾਈ :(ਰਮੇਸ਼ ਗਾਬਾ)ਜ਼ਿਲ੍ਹਾ ਜਲੰਧਰ ਦਿਹਾਤੀ ਪੁਲਿਸ ਨੇ ਵਿਸ਼ਵ ਪ੍ਰਸਿੱਧ ਦੌੜਾਕ ਸ. ਫੌਜਾ ਸਿੰਘ ਦੀ ਸੜਕ ਹਾਦਸੇ ਵਿੱਚ ਹੋਈ ਮੌਤ ਦੀ ਗੁੱਥੀ ਸੁਲਝਾਉਂਦਿਆਂ ਇਸ ਮਾਮਲੇ ਵਿੱਚ ਮੁਲਜ਼ਮ ਨੂੰ ਟੋਯਟਾ ਫੋਰਚੂਨਰ ਕਾਰ ਸਮੇਤ 30 ਘੰਟਿਆਂ ਦੇ ਅੰਦਰ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਸੀਨੀਅਰ ਪੁਲਿਸ ਕਪਤਾਨ, ਜਲੰਧਰ (ਦਿਹਾਤੀ) ਹਰਵਿੰਦਰ ਸਿੰਘ ਵਿਰਕ ਨੇ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ 114 ਸਾਲਾ ਸ. ਫੌਜਾ ਸਿੰਘ ਵਾਸੀ ਪੱਤੀ ਊਧੋਪੁਰ ਬਿਆਸ ਪਿੰਡ, ਜੋ ਕਿ ਅੰਤਰਰਾਸ਼ਟਰੀ ਦੌੜਾਕ ਸਨ, 14.07.2025 ਨੂੰ ਬਾਅਦ ਦੁਪਹਿਰ ਕਰੀਬ 3:15 ਵਜੇ ਘਰੋਂ ਸੈਰ ਕਰਨ ਲਈ ਨਿਕਲੇ ਸਨ। ਉਨ੍ਹਾਂ ਦੱਸਿਆ ਕਿ ਜੀ.ਟੀ. ਰੋਡ ਬਿਆਸ ਪਿੰਡ ਵਿਖੇ ਅਣਪਛਾਤਾ ਵਾਹਨ ਚਾਲਕ ਗੱਡੀ ਲਾਪ੍ਰਵਾਹੀ ਅਤੇ ਤੇਜ਼ ਰਫਤਾਰੀ ਨਾਲ ਉਨ੍ਹਾਂ ਵਿੱਚ ਪਿੱਛਿਓਂ ਟੱਕਰ ਮਾਰਕੇ ਮੌਕੇ ਤੋਂ ਗੱਡੀ ਸਮੇਤ ਫਰਾਰ ਹੋ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ਵਿੱਚ ਸ. ਫੌਜਾ ਸਿੰਘ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਤੁਰੰਤ ਇਲਾਜ ਲਈ ਸ਼੍ਰੀਮਨ ਹਸਪਤਾਲ ਜਲੰਧਰ ਵਿਖੇ ਦਾਖ਼ਲ ਕਰਵਾਇਆ ਗਿਆ, ਜਿਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਗੈਰ ਇਰਾਦਤਨ ਕਤਲ ਦੀਆਂ ਸਖ਼ਤ ਧਰਾਵਾਂ ਤਹਿਤ ਮੁਕੱਦਮਾ ਨੰਬਰ 114 ਮਿਤੀ 14.07.2025 ਅ/ਧ 281, 105 ਬੀ.ਐਨ.ਐਸ. ਥਾਣਾ ਆਦਮਪੁਰ ਵਿਖੇ ਦਰਜ ਕੀਤਾ ਗਿਆ। ਐਸ.ਐਸ.ਪੀ. ਨੇ ਅੱਗੇ ਦੱਸਿਆ ਕਿ ਉਨ੍ਹਾਂ ਵੱਲੋਂ ਪੁਲਿਸ ਕਪਤਾਨ (ਤਫਤੀਸ਼) ਸਰਬਜੀਤ ਸਿੰਘ ਰਾਏ, ਪੁਲਿਸ ਕਪਤਾਨ (ਸਥਾਨਕ) ਪ੍ਰਮਿੰਦਰ ਸਿੰਘ ਹੀਰ, ਉਪ ਪੁਲਿਸ ਕਪਤਾਨ ਸਬ-ਡਵੀਜ਼ਨ ਆਦਮਪੁਰ ਕੁਲਵੰਤ ਸਿੰਘ, ਇੰਚਾਰਜ ਸੀ.ਆਈ.ਏ ਸਟਾਫ਼ ਇੰਸਪੈਕਟਰ ਪੁਸ਼ਪ ਬਾਲੀ ਅਤੇ ਮੁੱਖ ਅਫ਼ਸਰ, ਥਾਣਾ ਆਦਮਪੁਰ ਇੰਸਪੈਕਟਰ ਹਰਦੇਵਪ੍ਰੀਤ ਸਿੰਘ ਸਮੇਤ ਮੌਕੇ ਦਾ ਮੁਆਇਨਾ ਕੀਤਾ ਗਿਆ ਅਤੇ ਵੱਖ-ਵੱਖ ਟੀਮਾਂ ਬਣਾ ਕੇ ਤੇਜ਼ੀ ਨਾਲ ਤਫਤੀਸ਼ ਆਰੰਭੀ ਗਈ। ਐਸ.ਐਸ.ਪੀ. ਨੇ ਦੱਸਿਆ ਕਿ ਤਫਤੀਸ਼ ਦੌਰਾਨ ਘਟਨਾ ਸਥਾਨ ਤੋਂ ਪੁਲਿਸ ਪਾਰਟੀ ਨੂੰ ਇੱਕ ਕਾਰ ਦੀ ਹੈੱਡਲਾਈਟ ਐਸੈਂਬਲੀ ਦੇ ਟੁੱਕੜੇ (ਪਾਰਟਸ) ਮਿਲੇ, ਜਿਨ੍ਹਾਂ ਦੀ ਜਾਂਚ ਤਕਨੀਕੀ ਢੰਗ ਨਾਲ ਕਰਨ ’ਤੇ ਇਨ੍ਹਾਂ ਪਾਰਟਸ ਦੇ ਕਿਸੇ ਟੋਯਟਾ ਫੋਰਚੂਨਰ ਵਾਹਨ ਦੇ ਹੋਣ ਬਾਰੇ ਪਤਾ ਲੱਗਿਆ। ਜਿਸ ’ਤੇ ਟੁੱਕੜਿਆਂ ਦੀ ਜਾਂਚ ਟੋਯਟਾ ਕੰਪਨੀ ਦੇ ਅਧਿਕਾਰੀਆਂ ਤੋਂ ਕਰਵਾਕੇ ਗੱਡੀ ਮਾਡਲ ਅਤੇ ਹੋਰ ਜਾਣਕਾਰੀ ਹਾਸਲ ਕੀਤੀ ਗਈ। ਉਨ੍ਹਾਂ ਅੱਗੇ ਦੱਸਿਆ ਕਿ ਘਟਨਾ ਸਥਾਨ ਦੇ ਆਸ-ਪਾਸ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਕਰਨ ’ਤੇ ਇੱਕ ਸਫੇਦ ਰੰਗ ਦੀ ਟੋਯਟਾ ਫੋਰਚੂਨਰ, ਜਿਸ ਦੀ ਹੈਡਲਾਈਟ ਗਾਇਬ ਸੀ, ਨੂੰ ਪਠਾਨਕੋਟ ਤੋਂ ਜਲੰਧਰ ਵੱਲ ਜਾਂਦੇ ਹੋਏ ਦੇਖਿਆ ਗਿਆ। ਗੱਡੀ ਦੇ ਡਰਾਈਵਰ ਅੰਮ੍ਰਿਤਪਾਲ ਸਿੰਘ ਵਾਸੀ ਦਾਸਪੁਰ ਥਾਣਾ ਕਰਤਾਰਪੁਰ ਜ਼ਿਲ੍ਹਾ ਜਲੰਧਰ ਨੂੰ 15.07.2025 ਨੂੰ ਗ੍ਰਿਫ਼ਤਾਰ ਕਰਕੇ ਉਸ ਦੀ ਗੱਡੀ (PB20-C-7100) ਨੂੰ ਪੁਲਿਸ ਨੇ ਕਬਜ਼ੇ ਵਿੱਚ ਲੈ ਲਿਆ ਹੈ। ਕਾਰ ਦੀ ਜਾਂਚ ਕਰਨ ’ਤੇ ਪਾਇਆ ਗਿਆ ਕਿ ਜੋ ਕਾਰ ਦੇ ਟੁੱਕੜੇ ਮੌਕੇ ਤੋਂ ਮਿਲੇ ਸਨ, ਉਹ ਪੀ.ਬੀ. 20-ਸੀ-7100 ਫਾਰਚੂਨਰ ਦੇ ਹੀ ਹਨ। ਮੁਲਜ਼ਮ ਅੰਮ੍ਰਿਤਪਾਲ ਸਿੰਘ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾ ਰਿਹਾ ਹੈ। -------

PUBLISHED BY LMI DAILY NEWS PUNJAB

Ramesh Gaba

7/16/20251 min read

photo of white staircase
photo of white staircase

My post content