ਮੁੱਖ ਮੰਤਰੀ ਨੇ ਹਜ਼ਾਰਾਂ ਹੋਰ ਲੋਕਾਂ ਨਾਲ ਮਿਲ ਕੇ ਮੈਰਾਥਨ ਦੌੜਾਕ ਫੌਜਾ ਸਿੰਘ ਨੂੰ ਦਿੱਤੀ ਅੰਤਿਮ ਵਿਦਾਈ * ਫੌਜਾ ਸਿੰਘ ਦੀ ਸਖ਼ਤ ਮਿਹਨਤ, ਸਮਰਪਣ ਅਤੇ ਲਗਨ ਹਮੇਸ਼ਾ ਨੌਜਵਾਨ ਪੀੜ੍ਹੀਆਂ ਨੂੰ ਪ੍ਰੇਰਿਤ ਕਰੇਗੀ: ਮੁੱਖ ਮੰਤਰੀ

ਬਿਆਸ (ਜਲੰਧਰ), 20 ਜੁਲਾਈ(ਰਮੇਸ਼ ਗਾਬਾ) ਵਿਸ਼ਵ ਪ੍ਰਸਿੱਧ ਮੈਰਾਥਨ ਦੌੜਾਕ ਫੌਜਾ ਸਿੰਘ ਦੇ ਜੱਦੀ ਪਿੰਡ ਵਿਖੇ ਅੱਜ ਉਨ੍ਹਾਂ ਦੇ ਅੰਤਿਮ ਸਸਕਾਰ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਹਜ਼ਾਰਾਂ ਲੋਕਾਂ ਨੇ ਉਨ੍ਹਾਂ ਨੂੰ ਹੰਝੂਆਂ ਭਰੀ ਅੰਤਿਮ ਵਿਦਾਈ ਦਿੱਤੀ। ਮੁੱਖ ਮੰਤਰੀ ਨੇ ਫੌਜਾ ਸਿੰਘ ਦੀ ਦੇਹ 'ਤੇ ਫੁੱਲ ਮਾਲਾਵਾਂ ਭੇਟ ਕੀਤੀਆਂ ਅਤੇ ਅੰਤਰਰਾਸ਼ਟਰੀ ਮੈਰਾਥਨ ਦੌੜਾਕ ਦੇ ਦੇਹਾਂਤ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ। ਫੌਜਾ ਸਿੰਘ ਦਾ 14 ਜੁਲਾਈ ਨੂੰ ਆਪਣੇ ਪਿੰਡ ਵਿੱਚ ਸੜਕ ਪਾਰ ਕਰਦੇ ਸਮੇਂ ਇੱਕ ਤੇਜ਼ ਰਫ਼ਤਾਰ ਵਾਹਨ ਦੀ ਟੱਕਰ ਕਾਰਨ ਦੇਹਾਂਤ ਹੋ ਗਿਆ ਸੀ। ਭਗਵੰਤ ਸਿੰਘ ਮਾਨ ਨੇ ਮ੍ਰਿਤਕ ਮੈਰਾਥਨ ਦੌੜਾਕ ਦੀਆਂ ਖੇਡਾਂ ਦੇ ਖੇਤਰ ਵਿੱਚ ਸ਼ਾਨਦਾਰ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸਖ਼ਤ ਮਿਹਨਤ, ਸਮਰਪਣ ਅਤੇ ਲਗਨ ਹਮੇਸ਼ਾ ਨੌਜਵਾਨ ਪੀੜ੍ਹੀ ਨੂੰ ਖੇਡਾਂ ਦੇ ਖੇਤਰ ਵਿੱਚ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕਰੇਗੀ। ਉਨ੍ਹਾਂ ਕਿਹਾ ਕਿ 114 ਸਾਲਾ ਫੌਜਾ ਸਿੰਘ ਦੁਨੀਆ ਦੇ ਸਭ ਤੋਂ ਬਜ਼ੁਰਗ ਮੈਰਾਥਨ ਦੌੜਾਕ ਸਨ ਅਤੇ ਆਪਣੀ ਵਚਨਬੱਧਤਾ ਨਾਲ ਸਬਰ ਤੇ ਸੰਤੋਖ ਦੇ ਪ੍ਰਤੀਕ ਵਜੋਂ ਉਭਰੇ ਸਨ। ਮੁੱਖ ਮੰਤਰੀ ਨੇ ਕਿਹਾ ਕਿ ਖੇਡ ਭਾਈਚਾਰਾ ਹਮੇਸ਼ਾ ਸਵਰਗੀ ਫੌਜਾ ਸਿੰਘ ਦਾ ਰਿਣੀ ਰਹੇਗਾ, ਜਿਨ੍ਹਾਂ ਨੇ ਆਪਣੀ ਉਮਰ ਨੂੰ ਪਛਾੜ ਕੇ ਅੰਤਰਰਾਸ਼ਟਰੀ ਪੱਧਰ 'ਤੇ ਅਥਲੈਟਿਕਸ ਨੂੰ ਨਵੀਆਂ ਉਚਾਈਆਂ 'ਤੇ ਲੈ ਜਾਣ ਵਿੱਚ ਵੱਡਾ ਯੋਗਦਾਨ ਪਾਇਆ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਫੌਜਾ ਸਿੰਘ ਦੀ ਮੌਤ ਨੇ ਪੂਰੀ ਦੁਨੀਆ ਨੂੰ ਸੋਗ ਵਿੱਚ ਡੋਬ ਦਿੱਤਾ ਹੈ ਕਿਉਂਕਿ ਉਹ ਵਚਨਬੱਧਤਾ ਅਤੇ ਸਖ਼ਤ ਮਿਹਨਤ ਦੇ ਪ੍ਰਤੀਕ ਸਨ। ਉਨ੍ਹਾਂ ਕਿਹਾ ਕਿ ਆਪਣੀਆਂ ਲੰਬੀ ਦੂਰੀ ਦੀਆਂ ਦੌੜਾਂ ਰਾਹੀਂ ਸਵਰਗੀ ਫੌਜਾ ਸਿੰਘ ਨੇ ਪੰਜਾਬ ਅਤੇ ਖਾਸ ਕਰਕੇ ਦੁਨੀਆ ਭਰ ਦੇ ਸਿੱਖ ਭਾਈਚਾਰੇ ਦਾ ਨਾਮ ਰੌਸ਼ਨ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਫੌਜਾ ਸਿੰਘ ਜੀ ਖੇਡ ਪ੍ਰੇਮੀਆਂ ਦੇ ਦਿਲਾਂ ਅਤੇ ਯਾਦਾਂ ਵਿੱਚ ਹਮੇਸ਼ਾ ਜ਼ਿੰਦਾ ਰਹਿਣਗੇ ਅਤੇ ਸਾਨੂੰ ਸਿਹਤਮੰਦ ਜੀਵਨ ਜਿਊਣ ਲਈ ਪ੍ਰੇਰਿਤ ਕਰਨਗੇ। ਉਨ੍ਹਾਂ ਸਪੱਸ਼ਟ ਤੌਰ 'ਤੇ ਕਿਹਾ ਕਿ ਇਸ ਮਹਾਨ ਅਥਲੀਟ ਦੀ ਮੌਤ ਨਾਲ ਪੈਦਾ ਹੋਏ ਖਲਾਅ ਨੂੰ ਨੇੜ ਭਵਿੱਖ ਵਿੱਚ ਭਰਨਾ ਮੁਸ਼ਕਲ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਮਹਾਨ ਯੋਗਦਾਨ ਨੂੰ ਸਤਿਕਾਰ ਭੇਟ ਕਰਦਿਆਂ ਸੂਬਾ ਸਰਕਾਰ ਉਨ੍ਹਾਂ ਦੇ ਪਿੰਡ ਦੇ ਸਕੂਲ ਦਾ ਨਾਮ ਉਨ੍ਹਾਂ ਦੇ ਨਾਮ 'ਤੇ ਰੱਖੇਗੀ ਅਤੇ ਪਿੰਡ ਦੇ ਸਟੇਡੀਅਮ ਅਤੇ ਸਪੋਰਟਸ ਕਾਲਜ, ਜਲੰਧਰ ਵਿੱਚ ਉਨ੍ਹਾਂ ਦੇ ਬੁੱਤ ਲਗਾਏਗੀ। ਪਰਿਵਾਰਕ ਮੈਂਬਰਾਂ ਨਾਲ ਦਿਲੀ ਹਮਦਰਦੀ ਪ੍ਰਗਟ ਕਰਦਿਆਂ ਭਗਵੰਤ ਸਿੰਘ ਮਾਨ ਨੇ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਇਸ ਵੱਡੇ ਘਾਟੇ ਨੂੰ ਸਹਿਣ ਕਰਨ ਦਾ ਬਲ ਬਖਸ਼ਣ ਅਤੇ ਵਿਛੜੀ ਆਤਮਾ ਨੂੰ ਸ਼ਾਂਤੀ ਦੇਣ। ਮੁੱਖ ਮੰਤਰੀ ਦੇ ਨਾਲ ਕੈਬਨਿਟ ਮੰਤਰੀ ਮਹਿੰਦਰ ਭਗਤ ਅਤੇ ਹੋਰ ਪਤਵੰਤੇ ਵੀ ਮੌਜੂਦ ਸਨ।.

PUBLISHED BY LMI DAILY NEWS PUNJAB

Ramesh Gaba

7/20/20251 min read

worm's-eye view photography of concrete building
worm's-eye view photography of concrete building

My post content