ਸਿਹਤ ਮੰਤਰੀ ਵੱਲੋਂ ਜਲੰਧਰ ਸਿਵਲ ਹਸਪਤਾਲ ਵਿੱਚ ਆਈ.ਸੀ.ਯੂ. ਵਿੱਚ ਹੋਈਆਂ ਮੌਤਾਂ ਦੀ ਜਾਂਚ ਦੇ ਹੁਕਮ ਕਿਹਾ, ਵਿਸਥਾਰਤ ਜਾਂਚ ਤਕਨੀਕੀ ਖਰਾਬੀ ਦੇ ਕਾਰਨਾਂ ਦਾ ਪਤਾ ਲਗਾਉਣ ਵਿੱਚ ਮਦਦ ਕਰੇਗੀ; 48 ਘੰਟਿਆਂ ਦੇ ਅੰਦਰ ਮੰਗੀ ਰਿਪੋਰਟ ਡੀ.ਸੀ. ਨੇ ਹਸਪਤਾਲ ਦੇ ਅਧਿਕਾਰੀਆਂ ਦੀ ਲਾਪਰਵਾਹੀ ਪਾਏ ਜਾਣ 'ਤੇ ਸਖ਼ਤ ਕਾਰਵਾਈ ਦਾ ਦਿੱਤਾ ਭਰੋਸਾ

ਜਲੰਧਰ, 28 ਜੁਲਾਈ (ਰਮੇਸ਼ ਗਾਬਾ) ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਸ਼ਹੀਦ ਬਾਬੂ ਲਾਭ ਸਿੰਘ ਸਿਵਲ ਹਸਪਤਾਲ, ਜਲੰਧਰ ਵਿਖੇ ਤਿੰਨ ਆਈ.ਸੀ.ਯੂ. ਮਰੀਜ਼ਾਂ ਦੀ ਮੌਤ ਦੀ ਵਿਸਥਾਰਤ ਜਾਂਚ ਦੇ ਹੁਕਮ ਦਿੱਤੇ ਹਨ। ਆਕਸੀਜਨ ਦੀ ਉਚਿਤ ਸਪਲਾਈ ਨਾ ਹੋਣ ਦੀਆਂ ਰਿਪੋਰਟਾਂ ਮਿਲਣ ਉਪਰੰਤ ਮੰਤਰੀ ਨੇ ਐਤਵਾਰ ਰਾਤ 12.55 ਵਜੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੇ ਨਾਲ ਹਸਪਤਾਲ ਦਾ ਅਚਨਚੇਤ ਦੌਰਾ ਕੀਤਾ। ਮੀਡੀਆ ਨਾਲ ਗੱਲ ਕਰਦਿਆਂ ਡਾ. ਸਿੰਘ ਨੇ ਸਪੱਸ਼ਟ ਕੀਤਾ ਕਿ ਤਕਨੀਕੀ ਖਰਾਬੀ ਕਾਰਨ ਆਕਸੀਜਨ ਪਲਾਂਟ ‘ਚ ਦਬਾਅ ਘਟਣ ਦੀ ਸਮੱਸਿਆ ਆਈ, ਜਿਸ ਨੂੰ ਤੁਰੰਤ ਬੈਕਅੱਪ ਸਿਸਟਮ ਨਾਲ ਬਹਾਲ ਕੀਤਾ ਗਿਆ ਤੇ ਪਲਾਂਟ ਆਪਰੇਟਰ ਨਾਲ ਤੁਰੰਤ ਸਮੁੱਚੇ ਸਿਸਟਮ ਨੂੰ ਇੱਕ ਵਿਕਲਪਿਕ ਕੰਪ੍ਰੈਸਰ 'ਤੇ ਬਦਲ ਦਿੱਤਾ ਗਿਆ। ਦੱਸਣਯੋਗ ਹੈ ਕਿ ਇਸ ਮਾਮਲੇ ਸਬੰਧੀ ਪਾਰਦਰਸ਼ਤਾ ਅਤੇ ਜਵਾਬਦੇਹੀ ਨੂੰ ਯਕੀਨੀ ਬਣਾਉਣ ਲਈ ਇੱਕ ਉੱਚ ਪੱਧਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੂੰ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਅਤੇ 48 ਘੰਟਿਆਂ ਦੇ ਅੰਦਰ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਡਾ. ਸਿੰਘ ਨੇ ਇਸ ਘਟਨਾ 'ਤੇ ਡੂੰਘਾ ਦੁੱਖ ਪ੍ਰਗਟਾਇਆ ਅਤੇ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਦੁਖੀ ਪਰਿਵਾਰਾਂ ਦੇ ਨਾਲ ਮਜ਼ਬੂਤੀ ਨਾਲ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਮਰਨ ਵਾਲੇ ਮਰੀਜ਼ ਪਹਿਲਾਂ ਹੀ ਗੰਭੀਰ ਹਾਲਤ ਵਿੱਚ ਸਨ - ਇੱਕ ਮਰੀਜ਼ ਦੇ ਕਈ ਅੰਗ ਪਹਿਲਾਂ ਤੋਂ ਹੀ ਕੰਮ ਨਹੀਂ ਕਰ ਰਹੇ ਸਨ ਅਤੇ ਦੂਜਾ ਮਰੀਜ਼ ਪੁਰਾਣੀ ਬਿਮਾਰੀ ਤੋਂ ਪੀੜਤ ਸੀ। ਉਨ੍ਹਾਂ ਅੱਗੇ ਦੱਸਿਆ ਕਿ ਮਰੀਜ਼ਾਂ ਦੀ ਦੇਖਭਾਲ ਨੂੰ ਯਕੀਨੀ ਬਣਾਉਣ ਲਈ 46 ਇੰਟਰਨ, 14 ਹਾਊਸ ਸਰਜਨ ਅਤੇ ਡੀਐਨਬੀ ਵਿਦਿਆਰਥੀ ਤਾਇਨਾਤ ਕੀਤੇ ਗਏ ਸਨ। ਇਸ ਮਾਮਲੇ ਦੀ ਜਵਾਬਦੇਹੀ ਲਈ ਜ਼ੋਰ ਦਿੰਦਿਆਂ ਮੰਤਰੀ ਨੇ ਕਿਹਾ ਕਿ ਜੇਕਰ ਹਸਪਤਾਲ ਸਟਾਫ ਵੱਲੋਂ ਕੋਈ ਵੀ ਗਲਤੀ ਜਾਂ ਲਾਪਰਵਾਹੀ ਪਾਈ ਗਈ ਤਾਂ ਉਸ ਖਿਲਾਫ਼ ਬਣਦੀ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਸਰਕਾਰੀ ਜਾਂਚ ਰਿਪੋਰਟ ਵਿੱਚ ਉਜਾਗਰ ਕੀਤੀ ਹਰ ਕਿਸਮ ਦੀ ਕਮੀ ਨੂੰ ਦੂਰ ਕਰਨ ਦਾ ਭਰੋਸਾ ਵੀ ਦਿੱਤਾ ਅਤੇ ਕਿਹਾ ਕਿ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਉਪਾਅ ਕੀਤੇ ਜਾਣਗੇ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਵੀ ਦੁੱਖ ਪ੍ਰਗਟ ਕੀਤਾ ਅਤੇ ਦੁਹਰਾਇਆ ਕਿ ਜ਼ਿਲ੍ਹਾ ਪ੍ਰਸ਼ਾਸਨ ਪ੍ਰਭਾਵਿਤ ਪਰਿਵਾਰਾਂ ਦੇ ਨਾਲ ਖੜ੍ਹਾ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਜੇਕਰ ਕਿਸੇ ਸਟਾਫ ਦੀ ਗਲਤੀ ਪਾਈ ਜਾਂਦੀ ਹੈ ਤਾਂ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਜਾਂਚ ਰਿਪੋਰਟ ਵਿੱਚ ਸਪੱਸ਼ਟ ਹੋਵੇਗਾ ਕਿ ਮੌਤਾਂ ਆਕਸੀਜਨ ਦੇ ਮੁੱਦਿਆਂ ਕਾਰਨ ਜਾਂ ਹੋਰ ਡਾਕਟਰੀ ਪੇਚੀਦਗੀਆਂ ਕਾਰਨ ਹੋਈਆਂ ਹਨ।

PUBLISHED BY LMI DAILY NEWS PUNJAB

Ramesh Gaba

7/28/20251 min read

white concrete building during daytime
white concrete building during daytime

My post content