ਠੱਕਰ ਸੰਧੂ ਵਿੱਚ ਜਮੀਨੀ ਵਿਵਾਦ: ਇਨਸਾਫ ਨਾ ਮਿਲਣ ’ਤੇ ਪਰਿਵਾਰ ਸਮੇਤ ਪਾਣੀ ਵਾਲੀ ਟੈਂਕੀ ’ਤੇ ਚੜਿਆ ਵਿਅਕਤੀ
ਗੁਰਦਾਸਪੁਰ,12 ਅਗਸਤ (ਜਸਪਾਲ ਚੰਦਨ): ਪਿੰਡ ਠੱਕਰ ਸੰਧੂ ਵਿੱਚ ਮੰਗਲਵਾਰ ਸਵੇਰੇ ਜਮੀਨੀ ਵਿਵਾਦ ਕਾਰਨ ਇਨਸਾਫ ਨਾ ਮਿਲਣ ’ਤੇ ਇਕ ਪਰਿਵਾਰਕ ਵਿਅਕਤੀ ਪੈਟਰੋਲ ਦੀ ਬੋਤਲ ਲੈ ਕੇ ਪਾਣੀ ਵਾਲੀ ਟੈਂਕੀ ’ਤੇ ਚੜ੍ਹ ਗਿਆ। ਪੀੜਿਤ ਬਲਵਿੰਦਰ ਸਿੰਘ ਪੁੱਤਰ ਸਵ. ਬਲਦੇਵ ਸਿੰਘ ਵਾਸੀ ਠੱਕਰ ਸੰਧੂ ਨੇ ਦੋਸ਼ ਲਗਾਇਆ ਕਿ ਉਸਦਾ ਆਪਣੇ ਸਾਂਝੇ ਰਿਸ਼ਤੇਦਾਰਾਂ ਨਾਲ ਜ਼ਮੀਨ ਦੀ ਤਕਸੀਮ ਸਬੰਧੀ ਕੇਸ ਚੱਲ ਰਿਹਾ ਹੈ, ਪਰ ਪ੍ਰਸ਼ਾਸਨ ਵੱਲੋਂ ਉਸਦੇ ਨਾਲ ਬੇਇਨਸਾਫੀ ਕੀਤੀ ਜਾ ਰਹੀ ਹੈ। ਬਲਵਿੰਦਰ ਸਿੰਘ ਅਨੁਸਾਰ, ਉਸਦੀ ਜ਼ਮੀਨ ਵਿੱਚੋਂ ਇਕੱਲੇ ਉਸਦੇ ਹਿੱਸੇ ਵਾਲਾ ਭਾਗ ਕੱਢ ਕੇ ਦੂਜੇ ਪਾਸੇ ਨੂੰ ਦਿੱਤਾ ਜਾ ਰਿਹਾ ਹੈ। ਇਸ ਮਾਮਲੇ ਵਿੱਚ ਉਸ ਨੇ ਵੱਖ-ਵੱਖ ਅਦਾਲਤਾਂ ਵਿੱਚ ਅਪੀਲ ਕੀਤੀ ਹੋਈ ਹੈ, ਪਰ ਅੱਜ ਦੂਸਰੀ ਧਿਰ ਵੱਲੋਂ ਪ੍ਰਸ਼ਾਸਨ ਨੂੰ ਨਾਲ ਲੈ ਕੇ ਜ਼ਮੀਨ ’ਤੇ ਕਬਜ਼ੇ ਦੀ ਕੋਸ਼ਿਸ਼ ਕੀਤੀ ਗਈ। ਇਸ ਤੋਂ ਤੰਗ ਆ ਕੇ ਉਹ ਆਪਣੇ ਪਰਿਵਾਰ ਸਮੇਤ ਟੈਂਕੀ ’ਤੇ ਚੜ੍ਹ ਗਿਆ ਅਤੇ ਚੇਤਾਵਨੀ ਦਿੱਤੀ ਕਿ ਜੇਕਰ ਇਨਸਾਫ ਨਾ ਮਿਲਿਆ ਤਾਂ ਉਹ ਆਪਣੇ ਆਪ ਨੂੰ ਅੱਗ ਲਗਾ ਲਵੇਗਾ, ਜਿਸ ਲਈ ਪ੍ਰਸ਼ਾਸਨ ਅਤੇ ਦੂਸਰੀ ਧਿਰ ਜ਼ਿੰਮੇਵਾਰ ਹੋਵੇਗੀ। ਪਰਿਵਾਰਕ ਮੈਂਬਰਾਂ ਨੇ ਵੀ ਚੇਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਨਾਲ ਧੱਕਾ ਕੀਤਾ ਗਿਆ ਤਾਂ ਉਹ ਵੀ ਆਤਮਹੱਤਿਆ ਕਰਨ ਲਈ ਮਜਬੂਰ ਹੋ ਜਾਣਗੇ। ਇਸ ਦੌਰਾਨ ਥਾਣਾ ਸੇਖਵਾਂ ਦੇ ਐਸਐਚਓ ਹਰਜਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਅਤੇ ਪਰਿਵਾਰ ਨੂੰ ਟੈਂਕੀ ਤੋਂ ਥੱਲੇ ਉਤਾਰਨ ਦੀ ਕੋਸ਼ਿਸ਼ ਕਰ ਰਹੇ ਹਨ।।
PUBLISHED BY LMI DAILY NEWS PUNJAB
My post content
