- *ਯੁੱਧ ਨਸ਼ਿਆਂ ਵਿਰੁੱਧ ; ਸਿਹਤ ਮੰਤਰੀ ਨੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਮੈਡੀਕਲ ਪੇਸ਼ੇਵਰਾਂ ਨੂੰ ਸਰਗਰਮ ਭੂਮਿਕਾ ਨਿਭਾਉਣ ਦੀ ਕੀਤੀ ਅਪੀਲ* - ਕਿਹਾ, ਏਮਜ਼ ਵੱਲੋਂ ਪਹਿਲੀ ਵਾਰ ਤਿਆਰ ਸਿਖ਼ਲਾਈ ਪ੍ਰੋਗਰਾਮ ਦਾ ਉਦੇਸ਼ ਮੈਡੀਕਲ ਅਫ਼ਸਰਾਂ ਨੂੰ ਨਸ਼ੀਲੇ ਪਾਦਰਥਾਂ ਦੀ ਦੁਰਵਰਤੋਂ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਸਸ਼ਕਤ ਬਣਾਉਣਾ - ਪੰਜਾਬ ਸਰਕਾਰ ਨੇ ਨਸ਼ਿਆਂ ਦੇ ਖਾਤਮੇ ਲਈ ਡਾਟਾ ਵਿਸ਼ਲੇਸ਼ਣ ਤੇ ਤਕਨੀਕੀ ਸਹਾਇਤਾ ਯੂਨਿਟ ਕੀਤਾ ਸਥਾਪਤ
ਜਲੰਧਰ, 14 ਅਗਸਤ :(ਰਮੇਸ਼ ਗਾਬਾ) ਸੂਬਾ ਸਰਕਾਰ ਦੀ ਪ੍ਰਮੁੱਖ ਪਹਿਲਕਦਮੀ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਡਾਕਟਰਾਂ, ਪੈਰਾਮੈਡਿਕਸ ਅਤੇ ਨਰਸਿੰਗ ਵਿਦਿਆਰਥੀਆਂ ਸਮੇਤ ਸਮੁੱਚੇ ਮੈਡੀਕਲ ਪੇਸ਼ੇਵਰਾਂ ਨੂੰ ਨਸ਼ਾ ਮੁਕਤ ਪੰਜਾਬ ਦੇ ਸੁਪਨੇ ਨੂੰ ਅਮਲੀ ਰੂਪ ਦੇਣ ਲਈ ਸਰਗਰਮ ਭੂਮਿਕਾ ਨਿਭਾਉਣ ਦਾ ਸੱਦਾ ਦਿੱਤਾ। ਉਹ ਪੰਜਾਬ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਪਿਮਸ) ਵਿਖੇ ਮੈਡੀਕਲ ਅਫ਼ਸਰਾਂ ਲਈ ‘ਮੈਨੇਜਮੈਂਟ ਆਫ ਸਬਸਟਾਂਸ ਯੂਜ਼ ਡਿਸਆਰਡਰ’ ਬਾਰੇ ਪਹਿਲੀ ਵਾਰ ਕਰਵਾਈ ਸਿਖ਼ਲਾਈ ਦੇ ਸਮਾਪਤੀ ਸਮਾਰੋਹ ਮੌਕੇ ਸੰਬੋਧਨ ਕਰ ਰਹੇ ਸਨ। ਕੈਬਨਿਟ ਮੰਤਰੀ ਨੇ ਮੈਡੀਕਲ ਪੇਸ਼ੇਵਰਾਂ ਨੂੰ ਅਪੀਲ ਕੀਤੀ ਕਿ ਉਹ ਇਕ-ਇਕ ਨਸ਼ਾ ਪ੍ਰਭਾਵਿਤ ਵਿਅਕਤੀ ਨੂੰ ਅਡਾਪਟ ਕਰਨ, ਤਾਂ ਜੋ ਉਨ੍ਹਾਂ ਦੇ ਮੁੜ ਵਸੇਬੇ ਨੂੰ ਯਕੀਨੀ ਬਣਾਇਆ ਜਾਵੇ ਅਤੇ ਪੰਜਾਬ ਨੂੰ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਸੋਚ ਅਨੁਸਾਰ 'ਨਸ਼ਾ ਮੁਕਤ- ਰੰਗਲਾ ਪੰਜਾਬ’ ਬਣਾਇਆ ਜਾ ਸਕੇ। ਇਸ ਸਿਖ਼ਲਾਈ ਨੂੰ ਇੱਕ ਅਗਾਂਹਵਧੂ ਪਹਿਲ ਕਰਾਰ ਦਿੰਦਿਆਂ ਡਾ. ਬਲਬੀਰ ਸਿੰਘ ਨੇ ਕਿਹਾ ਕਿ ਏਮਜ਼ ਵੱਲੋਂ ਤਿਆਰ ਕੀਤਾ ਅਤੇ ਪੰਜਾਬ ਸਰਕਾਰ ਵੱਲੋਂ ਸੋਧਿਆ ਇਹ ਪ੍ਰੋਗਰਾਮ ਸਾਰੇ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਨਾਲ ਨਜਿੱਠਣ ਲਈ ਇੱਕ ਵਿਆਪਕ ਰਣਨੀਤੀ ਦਾ ਹਿੱਸਾ ਹੈ, ਜੋ ਡਾਕਟਰੀ ਪੇਸ਼ੇਵਰਾਂ ਨੂੰ ਇਸ ਸਮੱਸਿਆ ਦਾ ਪ੍ਰਭਾਵਸ਼ਾਲੀ ਢੰਗ ਨਾਲ ਮੁਕਾਬਲਾ ਕਰਨ ਦੇ ਸਸ਼ਕਤ ਬਣਾਉਂਦਾ ਹੈ। ਉਨ੍ਹਾਂ ਦੱਸਿਆ ਕਿ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਨਸ਼ਾ ਵਿਰੋਧੀ ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ਲਈ ਇੱਕ ਡਾਟਾ ਵਿਸ਼ਲੇਸ਼ਣ ਅਤੇ ਤਕਨੀਕੀ ਸਹਾਇਤਾ ਯੂਨਿਟ ਸਥਾਪਤ ਕੀਤਾ ਗਿਆ ਹੈ। ਬੁਨਿਆਦੀ ਢਾਂਚੇ ਦੇ ਹੋਏ ਵਿਕਾਸ ’ਤੇ ਚਾਨਣਾ ਪਾਉਂਦਿਆਂ ਉਨ੍ਹਾਂ ਕਿਹਾ ਕਿ ਰਾਜ ਵਿੱਚ ਹੁਣ ਨਸ਼ੇ ਦੇ ਆਦੀ ਮਰੀਜ਼ਾਂ ਲਈ 5,000 ਤੋਂ ਵੱਧ ਬੈੱਡ ਹਨ ਅਤੇ 547 ਓਟਸ ਕਲੀਨਿਕ ਚੱਲ ਰਹੇ ਹਨ, ਜੋ 10 ਲੱਖ ਤੋਂ ਵੱਧ ਰਜਿਸਟਰਡ ਮਰੀਜ਼ਾਂ ਨੂੰ ਸੇਵਾਵਾਂ ਦੇ ਰਹੇ ਹਨ। ਡਾ. ਸਿੰਘ ਨੇ ਅੱਗੇ ਕਿਹਾ ਕਿ ਸਰਕਾਰ ਵੱਲੋਂ ਜਲਦ ਹੀ ਪੰਜਾਬ ਭਰ ਵਿੱਚ ਕਾਊਂਸਲਿੰਗ ਸਹੂਲਤਾਂ ਵਿੱਚ ਵਾਧਾ ਕਰਨ ਲਈ 243 ਮਨੋਵਿਗਿਆਨੀਆਂ ਦੀ ਭਰਤੀ ਕੀਤੀ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਨਸ਼ਾ ਛੁਡਾਊ ਅਤੇ ਮੁੜ ਵਸੇਬਾ ਕੇਂਦਰਾਂ ਨੂੰ ਇੱਕੋ ਛੱਤ ਹੇਠਾਂ ਏਕੀਕ੍ਰਿਤ ਕੀਤਾ ਜਾ ਰਿਹਾ ਹੈ, ਜਦਕਿ ਹੁਨਰ ਵਿਕਾਸ ਪ੍ਰੋਗਰਾਮਾਂ ਰਾਹੀਂ 800 ਤੋਂ ਵੱਧ ਨਸ਼ਾ ਮੁਕਤ ਹੋਏ ਵਿਅਕਤੀਆਂ ਨੂੰ ਸਫ਼ਲਤਾਪੂਰਵਕ ਸਮਾਜ ਦੀ ਮੁੱਖ ਧਾਰਾ ਵਿੱਚ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਬਹੁ-ਪੱਖੀ ਰਣਨੀਤੀ ਦੇ ਨਤੀਜੇ ਵਜੋਂ ਪੰਜਾਬ ਨਸ਼ਾ ਮੁਕਤ ਹੋਵੇਗਾ। ਕੈਬਨਿਟ ਮੰਤਰੀ ਵੱਲੋਂ ਭਾਗ ਲੈਣ ਵਾਲੇ ਮੈਡੀਕਲ ਅਫ਼ਸਰਾਂ ਨੂੰ ਸਰਟੀਫਿਕੇਟ ਵੀ ਵੰਡੇ ਗਏ। ਇਸ ਮੌਕੇ ਐਸ.ਡੀ.ਐਮ. ਰਣਦੀਪ ਸਿੰਘ ਹੀਰ, ਸਿਵਲ ਸਰਜਨ ਡਾ. ਗੁਰਮੀਤ ਲਾਲ, ਪਿਮਸ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਰਾਜੀਵ ਅਰੋੜਾ ਅਤੇ ਕਈ ਮੈਡੀਕਲ ਪੇਸ਼ੇਵਰ ਮੌਜੂਦ ਸਨ। ਇਸ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਨਵੀਂ ਸਿਹਤ ਬੀਮਾ ਯੋਜਨਾ ਸਦਕਾ 65 ਲੱਖ ਤੋਂ ਵੱਧ ਪਰਿਵਾਰਾਂ ਨੂੰ ਲਾਭ ਮਿਲੇਗਾ, ਜਿਸ ਤਹਿਤ ਹਰੇਕ ਪਰਿਵਾਰ ਨੂੰ ਦਸ ਲੱਖ ਰੁਪਏ ਤੱਕ ਦੀਆਂ ਮੁਫ਼ਤ ਸਿਹਤ ਸੇਵਾਵਾਂ ਮਿਲਣਗੀਆਂ। ਉਨ੍ਹਾਂ ਇਸ ਵਿਲੱਖਣ ਪਹਿਲਕਦਮੀ ਨੂੰ ਸੂਬੇ ਵਿੱਚ ਸਿਹਤ ਸਹੂਲਤਾਂ ਨੂੰ ਹੋਰ ਮਜ਼ਬੂਤ ਕਰਨ ਵੱਲ ਇੱਕ ਇਨਕਲਾਬੀ ਕਦਮ ਦੱਸਿਆ।
PUBLISHED BY LMI DAILY NEWS PUNJAB
My post content
