*ਡਿਪਟੀ ਕਮਿਸ਼ਨਰ ਵੱਲੋਂ ਵਿਰਸਾ ਵਿਹਾਰ ਤੇ ਗੁਰੂ ਨਾਨਕ ਦੇਵ ਡਿਜੀਟਲ ਲਾਇਬ੍ਰੇਰੀ ਦਾ ਨਿਰੀਖਣ*
ਜਲੰਧਰ, 19 ਅਗਸਤ (ਰਮੇਸ਼ ਗਾਬਾ): ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਅੱਜ ਸ਼ਹਿਰ ਵਿਖੇ ਵਿਰਸਾ ਵਿਹਾਰ ਅਤੇ ਗੁਰੂ ਨਾਨਕ ਦੇਵ ਡਿਜੀਟਲ ਲਾਇਬ੍ਰੇਰੀ ਸਮੇਤ ਦੋ ਪ੍ਰਮੁੱਖ ਜਨਤਕ ਥਾਵਾਂ ਦਾ ਨਿਰੀਖਣ ਕੀਤਾ ਗਿਆ। ਸ਼ਹਿਰ ਦੇ ਸੱਭਿਆਚਾਰਕ ਕੇਂਦਰ ਵਿਰਸਾ ਵਿਹਾਰ ਦੇ ਦੌਰੇ ਦੌਰਾਨ ਡਾ. ਅਗਰਵਾਲ ਨੇ ਅਧਿਕਾਰੀਆਂ ਨੂੰ ਇਸ ਦੀ ਢੁੱਕਵੀਂ ਦੇਖਭਾਲ ਅਤੇ ਰੱਖ-ਰਖਾਅ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਐਲਾਨ ਕੀਤਾ ਕਿ ਇਸ ਇਮਾਰਤ ਨੂੰ ‘ਰੰਗਲਾ ਪੰਜਾਬ’ ਤਹਿਤ ਸੱਭਿਆਚਾਰਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਲਈ ਪ੍ਰਮੁੱਖ ਸਥਾਨ ਵਜੋਂ ਵਰਤਿਆ ਜਾਵੇਗਾ, ਜੋ ਵੱਖ-ਵੱਖ ਸੱਭਿਆਚਾਰਕ ਸਮਾਗਮਾਂ ਲਈ ਇੱਕ ਪਲੇਟਫਾਰਮ ਵਜੋਂ ਕੰਮ ਕਰਨ ਦੇ ਨਾਲ-ਨਾਲ ਸਥਾਨਕ ਕਾਰੀਗਰਾਂ ਨੂੰ ਆਪਣੀ ਕਲਾ ਦਾ ਪ੍ਰਦਰਸ਼ਨ ਕਰਨ ਲਈ ਪ੍ਰਦਰਸ਼ਨੀਆਂ ਦੀ ਮੇਜ਼ਬਾਨੀ ਵੀ ਕਰੇਗਾ। ਵਿਰਸਾ ਵਿਹਾਰ ਦੇ ਆਪਣੇ ਦੌਰੇ ਤੋਂ ਬਾਅਦ ਡਿਪਟੀ ਕਮਿਸ਼ਨਰ ਗੁਰੂ ਨਾਨਕ ਦੇਵ ਜ਼ਿਲ੍ਹਾ ਲਾਇਬ੍ਰੇਰੀ ਗਏ, ਜਿਥੇ ਉਨ੍ਹਾਂ ਨੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਤੇ ਹੋਰਨਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਜ਼ਰੂਰਤਾਂ ਅਤੇ ਚੁਣੌਤੀਆਂ ਨੂੰ ਸੁਣਿਆ। ਸਿੱਖਣ ਲਈ ਅਨੁਕੂਲ ਮਾਹੌਲ ਦੀ ਮਹੱਤਤਾ ਨੂੰ ਸਵੀਕਾਰ ਕਰਦਿਆਂ ਡਾ. ਅਗਰਵਾਲ ਨੇ ਵਿਦਿਆਰਥੀਆਂ ਨੂੰ ਬਿਹਤਰ ਸੁਵਿਧਾ ਪ੍ਰਦਾਨ ਕਰਨ ਲਈ ਮੌਜੂਦਾ ਲਾਇਬ੍ਰੇਰੀ ਦੇ ਬੁਨਿਆਦੀ ਢਾਂਚੇ ਅਤੇ ਸਹੂਲਤਾਂ ਨੂੰ ਅਪਗ੍ਰੇਡ ਕਰਨ ਲਈ ਠੋਸ ਕਦਮ ਚੁੱਕਣ ਦਾ ਵਾਅਦਾ ਕੀਤਾ। ਡਿਪਟੀ ਕਮਿਸ਼ਨਰ ਨੇ ਜਨਤਕ ਥਾਵਾਂ ਦੀ ਸਾਂਭ-ਸੰਭਾਲ ਅਤੇ ਨੌਜਵਾਨਾਂ ਨੂੰ ਸਸ਼ਕਤ ਬਣਾਉਣ ਤੇ ਜਲੰਧਰ ਦੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਉਤਸ਼ਾਹਿਤ ਕਰਨ ਵਾਲੇ ਸਰੋਤਾਂ ਵਿੱਚ ਨਿਵੇਸ਼ ਕਰਨ ਦੀ ਮਹੱਤਤਾ 'ਤੇ ਚਾਨਣਾ ਪਾਇਆ।
PUBLISHED BY LMI DAILY NEWS PUNJAB
My post content
