ਐਸ.ਪੀ.ਸੀ.ਏ. ਦੀ ਮੀਟਿੰਗ ਦੌਰਾਨ ਕੰਨੀਆ ਕਲਾਂ ਗਊਸ਼ਾਲਾ ’ਚ ਨਵੇਂ ਸ਼ੈੱਡ ਦੀ ਉਸਾਰੀ ਸਮੇਤ 75 ਲੱਖ ਰੁਪਏ ਦੇ ਹੋਣ ਵਾਲੇ ਕੰਮਾਂ ਨੂੰ ਪ੍ਰਸ਼ਾਸਕੀ ਪ੍ਰਵਾਨਗੀ ਗਊਸ਼ਾਲਾ ਦੀ ਸਮਰੱਥਾ ’ਚ ਵਾਧਾ ਹੋਣ ਨਾਲ ਵਧੇਰੇ ਗਿਣਤੀ ’ਚ ਪਸ਼ੂਧਨ ਦੀ ਢੁੱਕਵੀਂ ਸਾਂਭ-ਸੰਭਾਲ ਯਕੀਨੀ ਬਣੇਗੀ : ਡਿਪਟੀ ਕਮਿਸ਼ਨਰ ਨਗਰ ਨਿਗਮ ਤੇ ਨਗਰ ਕੌਂਸਲਾਂ ਨੂੰ ਗਊ ਸੈੱਸ ਇਕੱਤਰ ਕਰਨ ’ਤੇ ਦਿੱਤਾ ਜ਼ੋਰ ਪ੍ਰਸ਼ਾਸਨ ਵੱਲੋਂ ਸ਼ੁਰੂ ਕੀਤੀ ਮੁਹਿੰਮ ਤਹਿਤ ਪਿਛਲੇ ਇਕ ਮਹੀਨੇ ’ਚ 65 ਤੋਂ ਵੱਧ ਬੇਸਹਾਰਾ ਪਸ਼ੂਧਨ ਨੂੰ ਗਊਸ਼ਲਾਵਾਂ ’ਚ ਪਹੁੰਚਾਇਆ ਬੇਸਹਾਰਾ ਪਸ਼ੂਆਂ ਬਾਰੇ ਵਟਸਐਪ ਹੈਲਪਲਾਈਨ 9646-222-555 ’ਤੇ ਦਿੱਤੀ ਜਾ ਸਕਦੀ ਹੈ ਸੂਚਨਾ
ਜਲੰਧਰ, 21 ਅਗਸਤ :(ਰਮੇਸ਼ ਗਾਬਾ)ਬੇਸਹਾਰਾ ਪਸ਼ੂਆਂ ਦੇ ਢੁੱਕਵੇਂ ਰੱਖ-ਰਖਾਅ ਨੂੰ ਯਕੀਨੀ ਬਣਾਉਣ ਦੇ ਮੰਤਵ ਨਾਲ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੀ ਪ੍ਰਧਾਨਗੀ ਹੇਠ ਹੋਈ ਜ਼ਿਲ੍ਹਾ ਸੁਸਾਇਟੀ ਫਾਰ ਪ੍ਰੀਵੈਨਸ਼ਨ ਆਫ ਕਰੂਐਲਟੀ ਟੂ ਐਨੀਮਲਜ਼ (ਐਸ.ਪੀ.ਸੀ.ਏ.) ਦੀ ਮੀਟਿੰਗ ਦੌਰਾਨ ਕੰਨੀਆ ਕਲਾਂ ਗਊਸ਼ਾਲਾ ਵਿਖੇ ਨਵੇਂ ਸ਼ੈੱਡ ਦੀ ਉਸਾਰੀ ਸਮੇਤ ਕਰੀਬ 75 ਲੱਖ ਰੁਪਏ ਦੀ ਲਾਗਤ ਨਾਲ ਹੋਣ ਵਾਲੇ ਕੰਮਾਂ ਨੂੰ ਪ੍ਰਸ਼ਾਸਕੀ ਪ੍ਰਵਾਨਗੀ ਦਿੱਤੀ ਗਈ। ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਜਸਬੀਰ ਸਿੰਘ ਸਮੇਤ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਪ੍ਰਾਜੈਕਟ ਤਹਿਤ ਕੰਨੀਆ ਕਲਾਂ ਗਊਸ਼ਾਲਾ ਵਿਖੇ ਨਵੇਂ ਸ਼ੈੱਡ ਦੇ ਨਿਰਮਾਣ ਤੋਂ ਇਲਾਵਾ ਪਾਣੀ ਸਪਲਾਈ ਅਤੇ ਲਾਈਟਾਂ ਦੀ ਵਿਵਸਥਾ, ਮੌਜੂਦਾ ਸ਼ੈੱਡ ਦਾ ਫਰਸ਼ ਤੇ ਪੇਂਟ, ਕੈਟਲ ਪੌਂਡ ਦੀ ਸਰਵਿਸ ਲੇਨ ਸਮੇਤ ਹੋਰ ਕਾਰਜ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਕੰਮਾਂ ਦੇ ਮੁਕੰਮਲ ਹੋਣ ਨਾਲ ਗਊਸ਼ਾਲਾ ਦੀ ਸਮਰੱਥਾ ਵਿੱਚ ਵਾਧਾ ਹੋਵੇਗਾ, ਜਿਸ ਨਾਲ ਵਧੇਰੇ ਗਿਣਤੀ ਵਿੱਚ ਪਸ਼ੂਧਨ ਦੀ ਢੁੱਕਵੀਂ ਸਾਂਭ-ਸੰਭਾਲ ਯਕੀਨੀ ਬਣੇਗੀ। ਉਨ੍ਹਾਂ ਸਬੰਧਤ ਕਾਰਜਕਾਰੀ ਏਜੰਸੀ ਨੂੰ ਅਕਤੂਬਰ ਮਹੀਨੇ ਦੇ ਅੰਤ ਤੱਕ ਇਸ ਪ੍ਰਾਜੈਕਟ ਨੂੰ ਨੇਪਰੇ ਚਾੜ੍ਹਨ ਦੀ ਹਦਾਇਤ ਵੀ ਕੀਤੀ। ਨਗਰ ਨਿਗਮ ਜਲੰਧਰ ਅਤੇ ਨਗਰ ਕੌਂਸਲਾਂ ਨੂੰ ਗਊ ਸੈੱਸ ਕੁਲੈਕਸ਼ਨ ’ਤੇ ਜ਼ੋਰ ਦਿੰਦਿਆਂ ਡਾ. ਅਗਰਵਾਲ ਨੇ ਕਿਹਾ ਕਿ ਆਪੋ-ਆਪਣੇ ਅਧਿਕਾਰ ਖੇਤਰ ਵਿੱਚੋਂ ਗਊ ਸੈੱਸ ਇਕੱਤਰ ਕਰਕੇ ਸਮੇਂ ਸਿਰ ਜਮ੍ਹਾ ਕਰਵਾਇਆ ਜਾਵੇ ਤਾਂ ਜੋ ਇਸ ਨੂੰ ਗਊਵੰਸ਼ ਦੀ ਭਲਾਈ ਲਈ ਖਰਚ ਕੀਤਾ ਜਾ ਸਕੇ। ਉਨ੍ਹਾਂ ਨਿਰਦੇਸ਼ ਦਿੱਤੇ ਕਿ ਪੰਜਾਬ ਸਰਕਾਰ ਵੱਲੋਂ ਪੈਟਰੋਲ ਪੰਪ, ਮੈਰਿਜ ਪੈਲੇਸਾਂ, ਸੀਮੈਂਟ ਦੀਆਂ ਦੁਕਾਨਾਂ ਸਮੇਤ ਜਿਹੜੇ ਵੀ ਅਦਾਰਿਆਂ ’ਤੇ ਗਊ ਸੈੱਸ ਲਗਾਇਆ ਗਿਆ ਹੈ, ਉਸ ਨੂੰ ਪੂਰੀ ਤਰ੍ਹਾਂ ਇਕੱਤਰ ਕਰਨਾ ਯਕੀਨੀ ਬਣਾਇਆ ਜਾਵੇ। ਡਾ. ਅਗਰਵਾਲ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਬੇਸਹਾਰਾ ਪਸ਼ੂਆਂ ਨੂੰ ਗਊਸ਼ਾਲਾਵਾਂ ਵਿੱਚ ਭੇਜਣ ਦੀ ਸ਼ੁਰੂ ਕੀਤੀ ਮੁਹਿੰਮ ਤਹਿਤ ਪਿਛਲੇ ਇਕ ਮਹੀਨੇ ਦੌਰਾਨ 65 ਤੋਂ ਵੱਧ ਬੇਸਹਾਰਾ ਪਸ਼ੂਧਨ ਨੂੰ ਨਗਰ ਨਿਗਮ ਜਲੰਧਰ ਵੱਲੋਂ ਗਊਸ਼ਲਾਵਾਂ ਵਿੱਚ ਪਹੁੰਚਾਇਆ ਗਿਆ ਹੈ। ਉਨ੍ਹਾਂ ਨਗਰ ਨਿਗਮ ਦੇ ਨਾਲ-ਨਾਲ ਨਗਰ ਕੌਂਸਲਾਂ ਨੂੰ ਵੀ ਆਪੋ-ਆਪਣੇ ਅਧਿਕਾਰ ਖੇਤਰ ਵਿੱਚ ਇਸ ਮੁਹਿੰਮ ਨੂੰ ਚਲਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦਾ ਉਦੇਸ਼ ਆਮ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਦੇ ਨਾਲ-ਨਾਲ ਬੇਸਹਾਰਾ ਪਸ਼ੂਆਂ ਦੀ ਢੁੱਕਵੀਂ ਸਾਂਭ-ਸੰਭਾਲ ਨੂੰ ਵੀ ਯਕੀਨੀ ਬਣਾਉਣਾ ਹੈ। ਇਸ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਲੋਕਾਂ ਤੋਂ ਸਹਿਯੋਗ ਦੀ ਮੰਗ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਲੋਕ ਪ੍ਰਸ਼ਾਸਨ ਵੱਲੋਂ ਜਾਰੀ ਵਟਸਐਪ ਹੈਲਪਲਾਈਨ 9646-222-555 ’ਤੇ ਬੇਸਹਾਰਾ ਪਸ਼ੂਧਨ ਬਾਰੇ ਸੂਚਨਾ ਭੇਜ ਸਕਦੇ ਹਨ। ਉਨ੍ਹਾਂ ਕਿਹਾ ਕਿ ਪ੍ਰਾਪਤ ਸੂਚਨਾ ਸਬੰਧਤ ਵਿਭਾਗ ਨੂੰ ਭੇਜ ਕੇ ਬੇਸਹਾਰਾ ਪਸ਼ੂਆਂ ਨੂੰ ਤੁਰੰਤ ਗਊਸ਼ਾਲਾਵਾਂ ਵਿੱਚ ਭੇਜਣ ਦੀ ਵਿਵਸਥਾ ਕੀਤੀ ਜਾਵੇਗੀ। ਮੀਟਿੰਗ ਵਿੱਚ ਸਹਾਇਕ ਕਮਿਸ਼ਨਰ (ਯੂ.ਟੀ.) ਮੁਕਿਲਨ ਆਰ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਡਾ. ਸੁਖਵਿੰਦਰ ਸਿੰਘ, ਡਿਪਟੀ ਡਾਇਰੈਕਟਰ ਡੇਅਰੀ ਕਸ਼ਮੀਰ ਸਿੰਘ, ਸਹਾਇਕ ਡਾਇਰੈਕਟਰ ਪਸ਼ੂ ਪਾਲਣ ਕੁਲਵਿੰਦਰ ਸਿੰਘ ਤੇ ਡਾ. ਬਲਬੀਰ ਸਿੰਘ ਤੋਂ ਇਲਾਵਾ ਨਗਰ ਨਿਗਮ ਜਲੰਧਰ ਤੇ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।
PUBLISHED BY LMI DAILY NEWS PUNJAB
My post content
