ਪੰਜਾਬ ’ਚ ਆਉਂਦੇ ਸਾਲਾਨਾ ਹੜ੍ਹਾਂ ਦੌਰਾਨ ਰਾਹਤ ਦੇਣ ਵਾਸਤੇ ਕੇਂਦਰ ਵਿੱਤੀ ਪੈਕੇਜ ਪ੍ਰਦਾਨ ਕਰੇ: ਸੁਖਬੀਰ ਸਿੰਘ ਬਾਦਲ ਕਿਹਾ ਕਿ ਹਰਿਆਣਾ ਤੇ ਰਾਜਸਥਾਨ ਨੂੰ ਲੋੜ ਵੇਲੇ ਪਾਣੀ ਉਪਲਬਧ ਕਰਵਾਇਆ ਜਾਂਦਾ ਹੈ, ਹੜ੍ਹਾਂ ਵੇਲੇ ਪੰਜਾਬ ਦੀ ਮਦਦ ਵਾਸਤੇ ਉਹ ਵੀ ਨਿਤਰਣ ਸੁਲਤਾਨਪੁਰ ਲੋਧੀ ਦੇ ਪਿੰਡਾਂ ’ਚ ਖੇਤਾਂ ਵਿਚੋਂ ਪਾਣੀ ਕੱਢਣ ਲਈ 10 ਹਜ਼ਾਰ ਲੀਟਰ ਡੀਜ਼ਲ ਤੇ 1000 ਮੀਟਰ ਪਲਾਸਟਿਕ ਪਾਈਪ ਵੀ ਕੀਤੀ ਪ੍ਰਦਾਨ ਕਿਹਾ ਕਿ ਕਿਸਾਨਾਂ ਨੂੰ ਖੜ੍ਹੀਆਂ ਫਸਲਾਂ ਦੇ ਹੋਏ ਨੁਕਸਾਨ ਵਾਸਤੇ 40 ਹਜ਼ਾਰ ਰੁਪਏ ਪ੍ਰਤੀ ਏਕੜ ਅੰਤਰਿਮ ਰਾਹਤ ਦਿੱਤੀ ਜਾਵੇ

ਸੁਲਤਾਨਪੁਰ ਲੋਧੀ/ਜਲੰਧਰ, 24 ਅਗਸਤ:(ਰਮੇਸ਼ ਗਾਬਾ) ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿਚ ਹੜ੍ਹਾਂ ਨਾਲ ਹੁੰਦੀ ਸਾਲਾਨਾ ਤਬਾਹੀ ਜਿਸ ਵਿਚ ਫਸਲਾਂ ਦੇ ਨਾਲ-ਨਾਲ ਬੁਨਿਆਦੀ ਢਾਂਚੇ ਦਾ ਵੀ ਨੁਕਸਾਨ ਹੁੰਦਾ ਹੈ, ਤੋਂ ਰਾਹਤ ਦੇਣ ਵਾਸਤੇ ਸੂਬੇ ਨੂੰ ਵਿੱਤੀ ਪੈਕੇਜ ਪ੍ਰਦਾਨ ਕਰੇ। ਅਕਾਲੀ ਦਲ ਦੇ ਪ੍ਰਧਾਨ ਨੇ ਅੱਜ ਇਸ ਵਿਧਾਨ ਸਭਾ ਹਲਕੇ ਵਿਚ ਆਲੀ ਕਲਾਂ ਤੇ ਬੌਪੁਰ ਬੰਨ ਸਮੇਤ ਅਨੇਕਾਂ ਪਿੰਡਾਂ ਦਾ ਦੌਰਾ ਕੀਤਾ ਜਿਸ ਦੌਰਾਨ ਉਹਨਾਂ ਨੇ ਕਿਸਾਨਾਂ ਨਾਲ ਵੀ ਗੱਲਬਾਤ ਕੀਤੀ ਜਿਹਨਾਂ ਦੀ ਖੜ੍ਹੀ ਫਸਲ ਹੜ੍ਹਾਂ ਦੇ ਪਾਣੀ ਕਾਰਨ ਨੁਕਸਾਨੀ ਗਈ ਹੈ। ਸੜਕਾਂ ’ਤੇ ਹੜ੍ਹਾਂ ਦਾ ਪਾਣੀ ਖੜ੍ਹਾ ਹੋਣ ਕਾਰਨ ਉਹ ਬਹੁਤੇ ਪ੍ਰਭਾਵਤ ਇਲਾਕਿਆਂ ਵਿਚ ਟਰੈਕਟਰ ’ਤੇ ਸਵਾਰ ਹੋ ਕੇ ਪਹੁੰਚੇ। ਅਲੀਕਲਾਂ ਵਿਖੇ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਇਸ ਲੋੜ ਦੇ ਸਮੇਂ ਵੇਲੇ ਨਾ ਤਾਂ ਕੇਂਦਰ ਸਰਕਾਰ ਤੇ ਨਾ ਹੀ ਗੁਆਂਢੀ ਹਰਿਆਣਾ ਤੇ ਰਾਜਸਥਾਨ ਪੰਜਾਬ ਦੀ ਮਦਦ ਵਾਸਤੇ ਨਿੱਤਰੇ ਹਨ। ਉਹਨਾਂ ਕਿਹਾ ਕਿ ਦੋਵਾਂ ਗੁਆਂਢੀ ਰਾਜਾਂ ਨੂੰ ਲੋੜ ਵੇਲੇ ਅਸੀਂ ਪਾਣੀ ਸਪਲਾਈ ਕਰਦੇ ਹਾਂ ਪਰ ਜਦੋਂ ਅਸੀਂ ਹੜ੍ਹਾਂ ਦੇ ਪਾਣੀ ਵਿਚ ਘਿਰੇ ਹੋਏ ਹਾਂ, ਉਹ ਸਾਡੀ ਕਿਸੇ ਵੀ ਤਰੀਕੇ ਦੀ ਮਦਦ ਵਾਸਤੇ ਨਹੀਂ ਨਿੱਤਰਦੇ। ਉਹਨਾਂ ਮੰਗ ਕੀਤੀ ਕਿ ਕੇਂਦਰ ਸਰਕਾਰ ਪੰਜਾਬ ਨੂੰ ਵਿੱਤੀ ਪੈਕੇਜ ਪ੍ਰਦਾਨ ਕਰੇ ਤਾਂ ਜੋ ਹੜ੍ਹਾਂ ਨਾਲ ਨਜਿੱਠਿਆ ਜਾ ਸਕੇ ਅਤੇ ਹਰਿਆਣਾ ਤੇ ਰਾਜਸਥਾਨ ਵੀ ਪੰਜਾਬ ਨੂੰ ਇਸ ਵਾਸਤੇ ਫੰਡ ਪ੍ਰਦਾਨ ਕਰਨ। ਅਨੇਕਾਂ ਥਾਵਾਂ ’ਤੇ ਇਲਾਕੇ ਦੇ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਕਿਸਾਨਾਂ ਨੂੰ ਖੇਤਾਂ ਵਿਚ ਖੜ੍ਹਾ ਪਾਣੀ ਕੱਢਣ ਵਾਸਤੇ 1000 ਰੁਪਏ ਪ੍ਰਤੀ ਏਕੜ ਡੀਜ਼ਲ ’ਤੇ ਖਰਚ ਕਰਨਾ ਪੈ ਰਿਹਾ ਹੈ ਕਿਉਂਕਿ ਸੂਬਾ ਸਰਕਾਰ ਕੋਈ ਮਦਦ ਨਹੀਂ ਕਰ ਰਹੀ। ਸਰਦਾਰ ਬਾਦਲ ਨੇ ਇਸ ਮੌਕੇ ਕਿਸਾਨਾਂ ਨੂੰ ਤੁਰੰਤ 10 ਹਜ਼ਾਰ ਲੀਟਰ ਡੀਜ਼ਲ ਪ੍ਰਦਾਨ ਕਰਨ ਦਾ ਵਾਅਦਾ ਕੀਤਾ ਤਾਂ ਜੋ ਹੜ੍ਹਾਂ ਦਾ ਪਾਣੀ ਕੱਢਿਆ ਜਾ ਸਕੇ। ਉਹਨਾਂ ਨੇ ਕਿਸਾਨਾਂ ਨੂੰ ਇਹ ਵੀ ਵਾਅਦਾ ਕੀਤਾ ਕਿ ਉਹ 1000 ਮੀਟਰ ਪਲਾਸਟਿਕ ਪਾਈਪ ਵੀ ਪ੍ਰਦਾਨ ਕਰਨਗੇ ਅਤੇ ਹੋਰ ਵੀ ਜੇ ਕੋਈ ਜ਼ਰੂਰਤ ਹੋਵੇਗੀ ਤਾਂ ਉਹ ਵੀ ਪ੍ਰਦਾਨ ਕਰਨਗੇ। ਆਮ ਆਦਮੀ ਪਾਰਟੀ (ਆਪ) ਸਰਕਾਰ ਵੱਲੋਂ ਹੜ੍ਹ ਮਾਰੇ ਕਿਸਾਨਾਂ ਨੂੰ ਕੋਈ ਰਾਹਤ ਪ੍ਰਦਾਨ ਨਾ ਕਰਨ ਦੀ ਨਿਖੇਧੀ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪਹਿਲਾਂ ਵਾਅਦਾ ਕੀਤਾ ਸੀ ਕਿ ਕਿਸੇ ਵੀ ਕੁਦਰਤੀ ਆਫਤ ਦੇ ਮਾਮਲੇ ਵਿਚ ਅੰਤਰਿਮ ਮੁਆਵਜ਼ਾ ਦਿੱਤਾ ਜਾਇਆ ਕਰੇਗਾ। ਉਹਨਾਂ ਕਿਹਾ ਕਿ ਪ੍ਰਭਾਵਤ ਕਿਸਾਨਾਂ ਨੂੰ 40 ਹਜ਼ਾਰ ਰੁਪਏ ਪ੍ਰਤੀ ਏਕੜ ਦੀ ਅੰਤਰਿਮ ਰਾਹਤ ਪ੍ਰਦਾਨ ਕਰਨ ਲਈ ਇਹ ਢੁਕਵਾਂ ਮਾਮਲਾ ਹੈ। ਉਹਨਾਂ ਮੰਗ ਕੀਤੀ ਕਿ ਹੜ੍ਹਾਂ ਕਾਰਨ ਜਿਹਨਾਂ ਦੇ ਮਕਾਨ ਨੁਕਸਾਨੇ ਗਏ ਹਨ, ਸਰਕਾਰ ਉਹਨਾਂ ਨੂੰ ਢੁਕਵਾਂ ਮੁਆਵਜ਼ਾ ਪ੍ਰਦਾਨ ਕਰੇ। ਅਕਾਲੀ ਦਲ ਦੇ ਪ੍ਰਧਾਨ ਨੇ ਉਹਨਾਂ ਦੇ ਨਾਲ ਗਏ ਸ਼੍ਰੋਮਣੀ ਕਮੇਟੀ ਮੈਂਬਰ ਗੁਰਪ੍ਰੀਤ ਕੌਰ ਰੂਹੀ, ਸਵਰਨ ਸਿੰਘ, ਜਰਨੈਲ ਸਿੰਘ ਡੋਗਰਾਵਾਲ, ਰਣਜੀਤ ਸਿੰਘ ਖੁਰਾਣਾ, ਹਰਪਾਲ ਸੰਘਾ ਅਤੇ ਦਲਵਿੰਦਰ ਸਿੰਘ ਸਿੱਧੂ ਸਮੇਤ ਸੀਨੀਅਰ ਲੀਡਰਸ਼ਿਪ ਦੀ ਡਿਊਟੀ ਲਗਾਈ ਕਿ ਉਹ ਲੋਕਾਂ ਨੂੰ ਪੈਕ ਕੀਤਾ ਖਾਣਾ ਅਤੇ ਦੁਧਾਰੂ ਪਸ਼ੂਆਂ ਵਾਸਤੇ ਚਾਰਾ ਪ੍ਰਦਾਨ ਕਰਨ। ਉਹਨਾਂ ਕਿਹਾ ਕਿ ਉਹ ਜਲਦੀ ਹੀ ਇਕ ਫੋਗ ਮਸ਼ੀਨ ਤੇ ਡਾਕਟਰਾਂ ਦੀ ਟੀਮ ਭੇਜਣਗੇ ਤਾਂ ਜੋ ਹੜ੍ਹ ਪ੍ਰਭਾਵਤ ਇਲਾਕਿਆਂ ਵਿਚ ਬਿਮਾਰੀਆਂ ਦਾ ਪਸਾਰ ਰੋਕਿਆ ਜਾ ਸਕੇ। ਇਸ ਤੋਂ ਪਹਿਲਾਂ ਸਰਦਾਰ ਬਾਦਲ ਨੇ ਸ਼ਨੀਵਾਰ ਨੂੰ ਅਬੋਹਰ ਤੇ ਬੱਲੂਆਣਾ ਦੇ 50 ਹੜ੍ਹ ਪ੍ਰਭਾਵਤ ਪਿੰਡਾਂ ਦਾ ਦੌਰਾ ਕੀਤਾ ਸੀ ਜਿਥੇ ਉਹਨਾਂ ਪ੍ਰਭਾਵਤ ਲੋਕਾਂ ਦੀ ਮਦਦ ਕੀਤੀ।

PUBLISHED BY LMI DAILY NEWS PUNJAB

Ramesh Gaba

8/24/20251 min read

black blue and yellow textile
black blue and yellow textile

My post content