*ਬਾਰਿਸ਼ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਵਲੋਂ ਫਿਲੌਰ ਤੇ ਗਿੱਦੜਪਿੰਡੀ ਦੇ ਸੰਭਾਵੀ ਹੜ੍ਹ ਖੇਤਰਾਂ ਦਾ ਜਾਇਜ਼ਾ* - ਕਿਹਾ, 2023 ਦੇ ਮੁਕਾਬਲੇ ਗਿੱਦੜਪਿੰਡੀ ਤੇ ਫਿਲੌਰ ’ਚ ਪਾਣੀ ਦਾ ਪੱਧਰ ਕਾਫੀ ਘੱਟ, ਫਿਲੌਰ ’ਚ 40 ਹਜ਼ਾਰ ਕਿਊਸਿਕ ਤੇ ਗਿੱਦੜਪਿੰਡੀ ’ਚ 70 ਹਜ਼ਾਰ ਕਿਊਸਿਕ ਪਾਣੀ - ਜਲੰਧਰ ਪ੍ਰਸ਼ਾਸਨ ਹੜ੍ਹਾਂ ਵਰਗੀ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ : ਡਾ. ਹਿਮਾਂਸ਼ੂ ਅਗਰਵਾਲ - ਡਿਪਟੀ ਕਮਿਸ਼ਨਰ ਵਲੋਂ ਐਨ.ਐਚ.ਏ.ਆਈ. ਦੀਆਂ ਸੜਕਾਂ ਦਾ ਨਿਰੀਖਣ, ਪਾਣੀ ਦੀ ਤੁਰੰਤ ਨਿਕਾਸੀ ਦੀ ਕੀਤੀ ਸਖ਼ਤ ਹਦਾਇਤ
ਜਲੰਧਰ, 31 ਅਗਸਤ (ਰਮੇਸ਼ ਗਾਬਾ): ਡਿਪਟੀ ਕਮਿਸ਼ਨਰ ਡਾ.ਹਿਮਾਂਸ਼ੂ ਅਗਰਵਾਲ ਨੇ ਐਤਵਾਰ ਨੂੰ ਸਤਲੁਜ ਦਰਿਆ ਨਾਲ ਲੱਗਦੇ ਇਲਾਕਿਆਂ ਦਾ ਦੌਰਾ ਕਰਕੇ ਹਾਲਾਤ ਦਾ ਜਾਇਜ਼ਾ ਲਿਆ ਅਤੇ ਲੋਕਾਂ ਨੂੰ ਭਰੋਸਾ ਦੁਆਇਆ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਹੈ, ਕਿਉਂਕਿ ਸਥਿਤੀ ਕੰਟਰੋਲ ਹੇਠ ਹੈ। ਡਾ. ਅਗਰਵਾਲ ਨੇ ਦੱਸਿਆ ਕਿ ਗਿੱਦੜਪਿੰਡੀ ਵਿਖੇ 70 ਹਜ਼ਾਰ ਕਿਊਸਿਕ ਅਤੇ ਫਿਲੌਰ ਵਿਖੇ 40 ਹਜ਼ਾਰ ਕਿਊਸਿਕ ਪਾਣੀ ਰਿਕਾਰਡ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਾਲ 2023 ਵਿੱਚ ਇਨ੍ਹਾਂ ਦੋਵਾਂ ਥਾਵਾਂ ’ਤੇ ਪਾਣੀ ਦਾ ਪੱਧਰ ਇਕ ਲੱਖ ਕਿਊਸਿਕ ਤੋਂ ਵਧ ਗਿਆ ਸੀ, ਜੋ ਕਿ ਮੌਜੂਦਾ ਸਥਿਤੀ ਤੋਂ ਕਿਤੇ ਜ਼ਿਆਦਾ ਸੀ। ਫੀਲਡ ਵਿੱਚ ਤਾਇਨਾਤ ਅਧਿਕਾਰੀਆਂ ਨਾਲ ਵਿਸਥਾਰ ਨਾਲ ਵਿਚਾਰ-ਚਰਚਾ ਕਰਦਿਆਂ ਡਿਪਟੀ ਕਮਿਸ਼ਨਰ ਨੇ ਉਨ੍ਹਾਂ ਨੂੰ ਜ਼ਿਲ੍ਹੇ ਵਿੱਚ ਹੜ੍ਹਾਂ ਵਰਗੀ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਜ਼ਰੂਰੀ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ। ਡਾ. ਅਗਰਵਾਲ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਹੜ੍ਹਾਂ ਵਰਗੇ ਹਾਲਾਤ ਦਾ ਸਾਹਮਣਾ ਕਰਨ ਲਈ ਰਾਹਤ ਕੇਂਦਰ ਸਥਾਪਿਤ ਕਰਨ ਤੋਂ ਇਲਾਵਾ ਲੋੜੀਂਦੀ ਮਸ਼ੀਨਰੀ ਅਤੇ ਜ਼ਰੂਰੀ ਵਸਤਾਂ ਦਾ ਇੰਤਜ਼ਾਮ ਪਹਿਲਾਂ ਹੀ ਕਰ ਲਿਆ ਗਿਆ ਹੈ। ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਜ਼ਿਲ੍ਹੇ ਵਿੱਚ ਸਥਿਤੀ ’ਤੇ 24 ਘੰਟੇ ਨੇੜਿਓਂ ਨਜ਼ਰ ਰੱਖਣ ਲਈ ਜ਼ਿਲ੍ਹਾ ਅਤੇ ਸਬ ਡਵੀਜ਼ਨ ਪੱਧਰ ’ਤੇ ਕੰਟਰੋਲ ਰੂਮ ਸਥਾਪਤ ਕੀਤੇ ਜਾ ਚੁੱਕੇ ਹਨ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪ੍ਰਮੁੱਖ ਵਿਭਾਗਾਂ ਵਿੱਚ ਬਿਹਤਰ ਤਾਲਮੇਲ ਨੂੰ ਯਕੀਨੀ ਬਣਾਇਆ ਜਾਵੇ, ਤਾਂ ਜੋ ਜੇਕਰ ਲੋੜ ਪੈਂਦੀ ਹੈ ਤਾਂ ਰਾਹਤ ਤੇ ਬਚਾਅ ਕਾਰਜ ਤੁਰੰਤ ਸ਼ੁਰੂ ਕੀਤੇ ਜਾ ਸਕਣ। ਡਾ. ਅਗਰਵਾਲ ਨੇ ਜ਼ੋਰ ਦਿੰਦਿਆਂ ਕਿਹਾ ਕਿ ਫਿਲਹਾਲ ਹੜ੍ਹਾਂ ਦਾ ਕੋਈ ਖਤਰਾ ਨਹੀਂ ਹੈ, ਪਰ ਫਿਰ ਵੀ ਫੀਲਡ ਵਿੱਚ ਤਾਇਨਾਤ ਅਧਿਕਾਰੀ ਪੂਰੀ ਤਰ੍ਹਾਂ ਚੌਕਸ ਰਹਿਣ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਜਲੰਧਰ ਪ੍ਰਸ਼ਾਸਨ ਵਲੋਂ ਜ਼ਿਲ੍ਹਾ ਪੱਧਰੀ ਹੜ੍ਹ ਕਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ, ਜਿੱਥੇ ਲੋਕ ਹੈਲਪਲਾਈਨ ਨੰਬਰ 0181-2224417 ’ਤੇ ਹੜ੍ਹਾਂ ਸਬੰਧੀ ਕਿਸੇ ਵੀ ਪ੍ਰਕਾਰ ਦੀ ਜਾਣਕਾਰੀ ਅਤੇ ਸਹਾਇਤਾ ਲਈ ਸੰਪਰਕ ਕਰ ਸਕਦੇ ਹਨ। - *ਡਿਪਟੀ ਕਮਿਸ਼ਨਰ ਵਲੋਂ ਐਨ.ਐੱਚ.ਏ.ਆਈ. ਦੀਆਂ ਸੜਕਾਂ ਦਾ ਨਿਰੀਖਣ, ਪਾਣੀ ਦੀ ਤੁਰੰਤ ਨਿਕਾਸੀ ਦੀ ਕੀਤੀ ਸਖ਼ਤ ਹਦਾਇਤ* ਜਲੰਧਰ : ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵਲੋਂ ਅੱਜ ਐਨ.ਐਚ.ਏ.ਆਈ. ਦੀਆਂ ਸੜਕਾਂ ਦਾ ਨਿਰੀਖਣ ਵੀ ਕੀਤਾ ਗਿਆ, ਜਿਥੇ ਉਨ੍ਹਾਂ ਮੌਕੇ ’ਤੇ ਹੀ ਐਨ.ਐਚ.ਏ.ਆਈ. ਦੇ ਅਧਿਕਾਰੀਆਂ ਨੂੰ ਹਾਈਵੇਅ ਖਾਸ ਕਰਕੇ ਸਰਵਿਸ/ਸਲਿੱਪ ਸੜਕ ’ਤੇ ਤੁਰੰਤ ਪਾਣੀ ਦੀ ਨਿਕਾਸੀ ਕਰਨ ਦੀਆਂ ਹਦਾਇਤਾਂ ਕੀਤੀਆਂ ਗਈਆਂ। ਉਨ੍ਹਾਂ ਐਨ.ਐਚ.ਆਈ.ਏ. ਨੂੰ ਤੁਰੰਤ ਇਸ ਵਿੱਚ ਦਾਖ਼ਲ ਦਿੰਦਿਆਂ ਮਾਨਸੂਨ ਸੀਜ਼ਨ ਦੌਰਾਨ ਰਾਹਗੀਰਾਂ ਨੂੰ ਰਾਹਤ ਪਹੁੰਚਾਉਣ ’ਤੇ ਜ਼ੋਰ ਦਿੱਤਾ। ਡਿਪਟੀ ਕਮਿਸ਼ਨਰ ਨੇ ਐਨ.ਐਚ.ਏ.ਆਈ. ਦੀਆਂ ਕਈ ਥਾਵਾਂ ’ਤੇ ਪਾਣੀ ਇਕੱਠਾ ਹੋਣ ’ਤੇ ਚਿੰਤਾ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਇਸ ਨਾਲ ਲੋਕਾਂ ਨੂੰ ਬਹੁਤ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ, ਇਸ ਲਈ ਇਸ ਨੂੰ ਪਹਿਲ ਦੇ ਅਧਾਰ ’ਤੇ ਹੱਲ ਕੀਤਾ ਜਾਵੇ। ਡਾ.ਅਗਰਵਾਲ ਨੇ ਮੌਕੇ ’ਤੇ ਹੀ ਐਨ.ਐਚ.ਏ.ਆਈ.ਦੀ ਟੀਮ ਨੂੰ ਬੁਲਾ ਕੇ ਹਾਈਵੇਅ ’ਤੇ ਡਰੇਨੇਜ਼ ਦੀ ਸਮੱਸਿਆ ਨੂੰ ਹੱਲ ਕਰਦਿਆਂ ਤੁਰੰਤ ਬਰਸਾਤੀ ਪਾਣੀ ਦੀ ਨਿਕਾਸੀ ਕਰਨ ਦੀਆਂ ਹਦਾਇਤਾਂ ਕੀਤੀਆਂ। ਉਨ੍ਹਾਂ ਕਿਹਾ ਕਿ ਨਿਰੀਖਣ ਕਰਕੇ ਤੁਰੰਤ ਬਲਾਕੇਜ਼ ਆਦਿ ਦੀ ਸਫ਼ਾਈ ਕੀਤੀ ਜਾਵੇ, ਤਾਂ ਜੋ ਪਾਣੀ ਦੇ ਨਿਰਵਿਘਨ ਵਹਾਅ ਨੂੰ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਬਰਸਾਤ ਦੇ ਪਾਣੀ ਵਿੱਚ ਸੜਕਾਂ ਡੁੱਬ ਜਾਂਦੀਆਂ ਹਨ, ਜਿਸ ਕਰਕੇ ਲੋਕਾਂ ਨੂੰ ਅਵਾਜਾਈ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਜ਼ਿਲ੍ਹਾ ਵਾਸੀਆਂ ਨੂੰ ਬਿਹਤਰ ਸੜਕੀ ਬੁਨਿਆਦੀ ਢਾਂਚੇ ਦੇ ਨਾਲ-ਨਾਲ ਸਾਫ਼ ਸੁਥਰੀਆਂ ਸੜਕਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਉਨ੍ਹਾਂ ਐਨ.ਐਚ.ਏ.ਆਈ. ਦੇ ਇੰਜੀਨੀਅਰਾਂ ਨੂੰ ਹਦਾਇਤ ਕੀਤੀ ਕਿ ਐਨ.ਐਚ.ਏ.ਆਈ. ’ਤੇ ਬਰਸਾਤ ਦੌਰਾਨ ਪਾਣੀ ਇਕੱਠਾ ਹੋਣ ਤੋਂ ਰੋਕਿਆ ਜਾਵੇ, ਤਾਂ ਜੋ ਰਾਹਗੀਰਾਂ ਲਈ ਹਾਈਵੇਅ ’ਤੇ ਨਿਰਵਿਘਨ ਆਵਾਜਾਈ ਨੂੰ ਯਕੀਨੀ ਬਣਾਇਆ ਜਾ ਸਕੇ। ਜ਼ਿਕਰਯੋਗ ਹੈ ਕਿ ਸੜਕਾਂ ਨੂੰ ਬੁਨਿਆਦੀ ਢਾਂਚੇ ਪਖੋਂ ਮਜ਼ਬੂਤ ਤੇ ਸਾਫ਼ ਸੁਥਰੀਆਂ ਬਣਾਉਣ ਲਈ ‘ਪੰਜਾਬ ਸੜਕ ਸਫ਼ਾਈ ਮਿਸ਼ਨ' ਤਹਿਤ ਡਿਪਟੀ ਕਮਿਸ਼ਨਰ ਵਲੋਂ ਜਲੰਧਰ ਤੋਂ ਫਗਵਾੜਾ (ਜਲੰਧਰ ਦੀ ਹੱਦ ਤੱਕ) ਸੜਕ ਨੂੰ ਗੋਦ ਲਿਆ ਗਿਆ ਹੈ। ਇਸੇ ਤਰ੍ਹਾਂ ਹੋਰਨਾਂ ਸੀਨੀਅਰ ਅਧਿਕਾਰੀਆਂ ਵਲੋਂ ਵੀ ਜ਼ਿਲ੍ਹੇ ਵਿੱਚ 51 ਸੜਕਾਂ ਨੂੰ ਸੁਚੱਜੀ ਸਾਂਭ-ਸੰਭਾਲ ਅਤੇ ਸਾਫ਼ ਸੁਥਰਾ ਰੱਖਣ ਲਈ ਗੋਦ ਲਿਆ ਗਿਆ ਹੈ।
PUBLISHED BY LMI DAILY NEWS PUNJAB
My post content
