ADC ਨੇ ਗੁਰਦਾਸਪੁਰ ਵਿਖੇ ਆਇਲਟਸ ਸੈਂਟਰਾਂ ਅਤੇ ਟਰੈਵਲ ਏਜੰਟਾਂ ਦੇ ਦਫ਼ਤਰਾਂ ਦੀ ਚੈਕਿੰਗ ਕੀਤੀ ਟਰੈਵਲ ਏਜੰਟ ਸਰਕਾਰ ਕੋਲੋਂ ਲਾਇਸੰਸ ਪ੍ਰਾਪਤ ਕਰਕੇ ਨਿਯਮਾਂ ਅਨੁਸਾਰ ਹੀ ਆਪਣਾ ਕੰਮ ਕਰਨ - ਵਧੀਕ ਡਿਪਟੀ ਕਮਿਸ਼ਨਰ
ਗੁਰਦਾਸਪੁਰ (ਰੋਹਿਤ ਡੋਗਰਾ) ADC (ਜਨਰਲ) ਡਾ. ਹਰਜਿੰਦਰ ਸਿੰਘ ਬੇਦੀ ਵੱਲੋਂ ਗੁਰਦਾਸਪੁਰ ਵਿਖੇ ਚੱਲ ਰਹੇ ਆਇਲਟਸ ਸੈਂਟਰਾਂ ਅਤੇ ਟਰੈਵਲ ਏਜੰਟਾਂ ਦੇ ਦਫ਼ਤਰਾਂ ਦੀ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਉਨ੍ਹਾਂ ਨੇ ਟਰੈਵਲ ਏਜੰਟਾਂ ਦੇ ਲਾਇਸੰਸ ਅਤੇ ਹੋਰ ਦਫ਼ਤਰੀ ਰਿਕਾਰਡ ਚੈੱਕ ਕੀਤਾ। ਇਸ ਮੌਕੇ ਉਨ੍ਹਾਂ ਟਰੈਵਲ ਏਜੰਟਾਂ ਨੂੰ ਹਦਾਇਤ ਕੀਤੀ ਕਿ ਹਰ ਟਰੈਵਲ ਏਜੰਟ ਸਰਕਾਰ ਕੋਲੋਂ ਲਾਇਸੰਸ ਪ੍ਰਾਪਤ ਕਰਕੇ ਨਿਯਮਾਂ ਅਨੁਸਾਰ ਹੀ ਆਪਣਾ ਕੰਮ ਕਰਨ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਟਰੈਵਲ ਏਜੰਟ ਦਾ ਲਾਇਸੰਸ ਰੀਨਿਊ ਹੋਣ ਵਾਲਾ ਹੈ ਜਾਂ ਕੋਈ ਹੋਰ ਕਮੀ ਪੇਸ਼ੀ ਹੈ ਤਾਂ ਉਸ ਨੂੰ ਤੁਰੰਤ ਪੂਰਾ ਕਰ ਲਿਆ ਜਾਵੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਹ ਯਕੀਨੀ ਬਣਾਇਆ ਜਾਵੇਗਾ ਕਿ ਕੋਈ ਵੀ ਟਰੈਵਲ ਏਜੰਟ ਬਿਨਾਂ ਲਾਇਸੰਸ ਦੇ ਲੋਕਾਂ ਨੂੰ ਵਿਦੇਸ਼ ਭੇਜਣ ਦਾ ਕੰਮ ਨਾ ਕਰ ਸਕੇ।ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਡੌਂਕੀ ਲਗਾ ਕੇ ਜਾਂ ਕਿਸੇ ਹੋਰ ਗੈਰ-ਕਾਨੂੰਨੀ ਤਰੀਕੇ ਨਾਲ ਵਿਦੇਸ਼ ਭੇਜਣ ਵਾਲੇ ਟਰੈਵਲ ਏਜੰਟਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਸਭ ਤੋਂ ਪਹਿਲਾਂ ਟਰੈਵਲ ਏਜੰਟ ਦਾ ਲਾਇਸੰਸ ਚੈੱਕ ਕਰਨ ਅਤੇ ਉਸ ਤੋਂ ਬਾਅਦ ਆਪਣੇ ਬੱਚਿਆਂ ਨੂੰ ਸਿਰਫ਼ ਕਾਨੂੰਨੀ ਢੰਗ ਨਾਲ ਹੀ ਵਿਦੇਸ਼ਾਂ ਵਿੱਚ ਭੇਜਣ। ਉਨ੍ਹਾਂ ਕਿਹਾ ਕਿ ਜੇਕਰ ਕੋਈ ਟਰੈਵਲ ਏਜੰਟ ਗੁੰਮਰਾਹ ਕਰਦਾ ਹੈ ਜਾਂ ਕਿਸੇ ਨਾਲ ਠੱਗੀ ਮਾਰਦਾ ਹੈ ਤਾਂ ਉਸ ਦੀ ਸ਼ਿਕਾਇਤ ਜ਼ਿਲ੍ਹਾ ਪ੍ਰਸ਼ਾਸਨ ਨੂੰ ਕੀਤੀ ਜਾਵੇ।ਗੈਰ-ਕਾਨੂੰਨੀ ਕੰਮ ਕਰਨ ਵਾਲੇ ਕਿਸੇ ਵੀ ਟਰੈਵਲ ਏਜੰਟ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
PUBLISHED BY LMI DAILY NEWS PUNJAB
My post content
