ਕਸਬਾ ਘੁਮਾਣ ਦਾ ਨੌਜਵਾਨ ਲਭਦੀਪ ਸਿੰਘ ਬੰਬਈ ਏਅਰਪੋਰਟ 'ਤੇ ਗ੍ਰਿਫਤਾਰ,। ਪਾਸਪੋਰਟ 'ਤੇ ਅਣਪੜ੍ਹਤਾ ਦਾ ਲਗਾਇਆ ਸੀ ਪਰੂਫ — ਪਰਿਵਾਰ ਦੇ ਚੰਗੇ ਦਿਨਾਂ ਦੀ ਆਸ 'ਚ ਚਲਿਆ ਸੀ ਆਬੂਧਾਬੀ।
ਸ੍ਰੀ ਹਰਗੋਬਿੰਦਪੁਰ ਸਾਹਿਬ, 27 ਫਰਵਰੀ 2025 (ਜਸਪਾਲ ਚੰਦਨ)- ਕਸਬਾ ਘੁਮਾਣ ਦਾ ਨੌਜਵਾਨ ਲਭਦੀਪ ਸਿੰਘ ਪੁੱਤਰ ਸਵਰਗਵਾਸੀ ਗੁਰਮੁਖ ਸਿੰਘ ਜੋ ਕਿ ਬਹੁਤ ਹੀ ਗਰੀਬ ਪਰਿਵਾਰ ਨਾਲ ਸੰਬੰਧਤ ਹੈ, ਮੁੰਬਈ ਏਅਰਪੋਰਟ 'ਤੇ ਗ੍ਰਿਫਤਾਰ ਹੋਣ ਦੀ ਖ਼ਬਰ ਨੇ ਸਾਰੇ ਇਲਾਕੇ 'ਚ ਚਿੰਤਾ ਦੀ ਲਹਿਰ ਦੌੜਾ ਦਿੱਤੀ ਹੈ। ਘਰ ਦੀ ਮਾੜੀ ਹਾਲਤ ਕਰਕੇ ਗਿਆ ਸੀ ਵਿਦੇਸ਼, ਲਭਦੀਪ ਸਿੰਘ ਨੇ ਆਪਣੇ ਘਰ ਦੀ ਮਾੜੀ ਹਾਲਤ ਨੂੰ ਠੀਕ ਕਰਨ ਦੀ ਆਸ ਨਾਲ 12 ਫਰਵਰੀ 2025 ਨੂੰ ਆਬੂਧਾਬੀ ਜਾਣ ਲਈ ਘਰੋ ਮੁੰਬਈ ਏਅਰਪੋਰਟ ਨੂੰ ਚਲਿਆ ਸੀ ਪਰ 16 ਫਰਵਰੀ ਨੂੰ ਮੁੰਬਈ ਏਅਰਪੋਰਟ 'ਤੇ ਇਮੀਗ੍ਰੇਸ਼ਨ ਵਿਭਾਗ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ। ਅਣਪੜ੍ਹਤਾ ਦਾ ਲਗਾਇਆ ਸੀ ਪਰੂਫ, ਪੰਜਾਬੀ 'ਚ ਕਰ ਦਿੱਤੀ ਸ਼ਾਈਨ, ਲਭਦੀਪ ਸਿੰਘ ਸਿਰਫ਼ ਪੰਜ ਜਮਾਤਾਂ ਪੜ੍ਹਿਆ ਹੋਇਆ ਹੈ। ਪਾਸਪੋਰਟ 'ਤੇ ਅਣਪੜ੍ਹਤਾ (illiteracy) ਦਾ ਪਰੂਫ਼ ਦਿੱਤਾ ਗਿਆ ਸੀ। ਜਦ ਇਮੀਗ੍ਰੇਸ਼ਨ ਅਧਿਕਾਰੀਆਂ ਵੱਲੋਂ ਦਸਤਾਵੇਜ਼ਾਂ 'ਤੇ ਸ਼ਾਈਨ ਕਰਨ ਲਈ ਕਿਹਾ ਗਿਆ, ਤਾਂ ਲਭਦੀਪ ਨੇ ਪੰਜਾਬੀ ਭਾਸ਼ਾ 'ਚ ਸ਼ਾਈਨ ਕਰ ਦਿੱਤੀ। ਇਸ ਕਾਰਨ ਉਨ੍ਹਾਂ 'ਤੇ ਧੋਖਾਧੜੀ ਦਾ ਦੋਸ਼ ਲਗਾ ਕੇ ਉਨ੍ਹਾਂ ਨੂੰ ਮੁੰਬਈ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਪਰਿਵਾਰ 'ਤੇ ਤੂਫ਼ਾਨ ਵਰਗੇ ਹਾਲਾਤ, ਲਭਦੀਪ ਦੀ ਮਾਤਾ ਸੁਖਵਿੰਦਰ ਕੌਰ, ਜੋ ਲੋਕਾਂ ਦੇ ਘਰਾਂ 'ਚ ਕੰਮ ਕਰਕੇ ਗੁਜ਼ਾਰਾ ਕਰ ਰਹੀ ਹੈ, ਰੋਂਦਿਆਂ ਹੋਇਆ ਮੀਡੀਆ ਸਾਹਮਣੇ ਆਪਣੇ ਦੁੱਖ ਭਰੇ ਹਾਲਾਤਾਂ ਬਾਰੇ ਦੱਸਿਆ। ਉਨ੍ਹਾਂ ਨੇ ਕਿਹਾ, "ਮੇਰੇ ਪਤੀ ਗੁਰਮੁਖ ਸਿੰਘ ਦੀ ਕਈ ਸਾਲ ਪਹਿਲਾਂ ਮੌਤ ਹੋ ਗਈ ਸੀ। ਮੇਰੀ ਛੋਟੀ ਧੀ ਦੇ ਪਤੀ ਦੀ ਵੀ ਮੌਤ ਹੋ ਚੁੱਕੀ ਹੈ। ਘਰ ਦੀਆਂ ਮਾਲੀ ਹਾਲਤਾਂ ਬਹੁਤ ਹੀ ਮਾੜੀਆਂ ਹਨ। 70,000 ਰੁਪਏ ਵਿਆਜ 'ਤੇ ਲੈ ਕੇ ਲਭਦੀਪ ਨੂੰ ਵਿਦੇਸ਼ ਭੇਜਣ ਦੀ ਕੋਸ਼ਿਸ਼ ਕੀਤੀ, ਤਾਂ ਕਿ ਸਾਡੇ ਵੀ ਚੰਗੇ ਦਿਨ ਆ ਸਕਣ, ਪਰ ਰੱਬ ਨੂੰ ਇਹ ਮੰਜ਼ੂਰ ਨਹੀਂ ਹੋਇਆ।" ਭਾਰਤ ਅਤੇ ਪੰਜਾਬ ਸਰਕਾਰ ਕੋਲੋਂ ਮਦਦ ਦੀ ਗੁਹਾਰ, ਲਭਦੀਪ ਦੇ ਪਰਿਵਾਰ ਨੇ ਭਾਰਤ ਸਰਕਾਰ, ਪੰਜਾਬ ਸਰਕਾਰ, ਸਿੱਖ ਜਥੇਬੰਦੀਆਂ ਅਤੇ ਸਮਾਜਸੇਵੀ ਸੰਸਥਾਵਾਂ ਕੋਲ ਇਨਸਾਫ਼ ਤੇ ਮਦਦ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਅਰਜ਼ੀ ਲਾਈ ਹੈ ਕਿ ਲਭਦੀਪ ਨੂੰ ਜਲਦੀ ਤੋਂ ਜਲਦੀ ਜੇਲ੍ਹ 'ਚੋਂ ਰਿਹਾਅ ਕਰਵਾਇਆ ਜਾਵੇ ਅਤੇ ਪਰਿਵਾਰ ਦੀ ਮਦਦ ਲਈ ਅੱਗੇ ਆਇਆ ਜਾਵੇ। — (ਪੱਤਰਕਾਰ: ਜਸਪਾਲ ਚੰਦਨ)
PUBLISHED BY LMI DAILY NEWS PUNJAB
My post content
