ਝੂਠੇ ਕੇਸਾਂ ਵਿਚ ਫਸਾਏ ਨੌਜਵਾਨ ਜਮਹੂਰੀ ਕਾਮਿਆਂ ਦੀ ਰਿਹਾਈ ਲਈ ਦੇਸ਼ ਭਗਤਾਂ ਉਠਾਈ ਆਵਾਜ਼
ਜਲੰਧਰ 3 ਸਤੰਬਰ(ਰਮੇਸ਼ ਗਾਬਾ) ਦੇਸ਼ ਭਗਤ ਯਾਦਗਾਰ ਕਮੇਟੀ ਦੇ ਅਹੁਦੇਦਾਰਾਂ ਦੀ ਅੱਜ ਹੋਈ ਹੰਗਾਮੀ ਬੈਠਕ ਵਿਚ ਪਾਸ ਇੱਕ ਮਤੇ ਰਾਹੀਂ ਨਿਆਂ ਪਾਲਿਕਾ ਤੋਂ ਜ਼ੋਰਦਾਰ ਮੰਗ ਕੀਤੀ ਗਈ ਕਿ ਸਾਬਕਾ ਵਿਦਿਆਰਥੀ ਆਗੂ ਉਮਰ ਖ਼ਾਲਿਦ ਸਮੇਤ 9 ਜ਼ਹੀਨ ਕਾਰਕੁਨਾਂ ਦੀ ਜ਼ਮਾਨਤ ਦੀ ਅਰਜ਼ੀ ਦਿੱਲੀ ਹਾਈਕੋਰਟ ਵੱਲੋਂ ਰੱਦ ਕੀਤੇ ਜਾਣਾ ਬੇਹੱਦ ਅਫ਼ਸੋਸਜਨਕ ਹੈ । ਹਾਈਕੋਰਟ ਦੇ ਬੈਂਚ ਦਾ ਇਹ ਫ਼ੈਸਲਾ ਨਾ ਸਿਰਫ਼ ਭਾਰਤੀ ਨਿਆਂਪ੍ਰਣਾਲੀ ਦੇ ਦੋਹਰੇ ਮਿਆਰਾਂ ਨੂੰ ਦਰਸਾਉਂਦਾ ਹੈ ਸਗੋਂ ਇਹ ਨਾਗਰਿਕਾਂ ਦੇ ਮਨੁੱਖੀ ਹੱਕਾਂ ਦੀ ਵੀ ਖੁੱਲ੍ਹੀ ਉਲੰਘਣਾ ਹੈ। ਇਨ੍ਹਾਂ ਕਾਰਕੁਨਾਂ ਨੂੰ ਘੱਟਗਿਣਤੀ ਮੁਸਲਮਾਨਾਂ ਵਿਰੋਧੀ ਫਿਰਕਾਪ੍ਰਸਤ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਜਨਤਕ ਜਮਹੂਰੀ ਅੰਦੋਲਨ ਵਿਚ ਹਿੱਸਾ ਲੈਣ ਦਾ ਸਬਕ ਸਿਖਾਉਣ ਲਈ ਅੱਧੇ ਦਹਾਕੇ ਤੋਂ ਬਿਨਾਂ ਮੁਕੱਦਮਾ ਚਲਾਏ, ਜੇਲ੍ਹ ਦੀਆਂ ਸਲਾਖਾਂ ਅੰਦਰ ਡੱਕ ਰੱਖਿਆ ਹੈ। ਯੂਏਪੀਏ ਅਤੇ ਹੋਰ ਬੇਹੱਦ ਸੰਗੀਨ ਧਾਰਾਵਾਂ ਲਗਾਈਆਂ ਹੋਣ ਕਾਰਨ ਸਿਰਫ਼ ਸਫੂਰਾ ਜ਼ਰਗਰ, ਨਤਾਸ਼ਾ ਨਰਵਾਲ, ਦੇਵਾਂਗਨਾ ਕਲੀਤਾ, ਇਸ਼ਰਤ ਜਹਾਂ ਅਤੇ ਆਸਿਫ਼ ਇਕਬਾਲ ਤਨਹਾ ਹੀ ਜ਼ਮਾਨਤ ਲੈ ਸਕੇ ਜਦਕਿ ਸ਼ਰਜੀਲ ਇਮਾਮ, ਉਮਰ ਖਾਲਿਦ, ਅਥਾਰ ਖ਼ਾਨ, ਖ਼ਾਲਿਦ ਸੈਫ਼ੀ, ਗੁਲਫ਼ਿਸ਼ਾ ਫ਼ਾਤਿਮਾ, ਮੀਰਾਨ ਹੈਦਰ, ਸ਼ਿਫ਼ਾ-ਉਰ-ਰਹਮਾਨ, ਮੁਹੰਮਦ ਸਲੀਮ ਖ਼ਾਨ ਅਤੇ ਸ਼ਾਦਾਬ ਅਹਿਮਦ 2020 ਤੋਂ ਲੈ ਕੇ ਬਿਨਾਂ ਜ਼ਮਾਨਤ ਜੇਲ੍ਹਾਂ ਵਿੱਚ ਸੜ ਰਹੇ ਹਨ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ, ਮੀਤ ਪ੍ਰਧਾਨ ਕੁਲਵੰਤ ਸਿੰਘ ਸੰਧੂ, ਸਹਾਇਕ ਸਕੱਤਰ ਚਰੰਜੀ ਲਾਲ ਕੰਗਣੀਵਾਲ, ਵਿੱਤ ਸਕੱਤਰ ਸੀਤਲ ਸਿੰਘ ਸੰਘਾ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਪ੍ਰੈੱਸ ਬਿਆਨ ਵਿੱਚ ਕਿਹਾ ਹੈ ਕਿ ਇੱਕ ਬੰਨੇ ਬਲਾਤਕਾਰੀ, ਹਿੰਸਾ ਅਤੇ ਫਿਰਕੂ ਜ਼ਹਿਰ ਦੇ ਵਣਜਾਰੇ ਸ਼ਰੇਆਮ ਖੁੱਲ੍ਹੀ ਹਵਾ ਵਿੱਚ ਆਨੰਦ ਮਾਣ ਰਹੇ ਹਨ ,ਥੋੜ੍ਹੇ ਅਰਸੇ ਬਾਅਦ ਜ਼ਮਾਨਤ ਤੇ ਆ ਕੇ ਸਮਾਜ ਦੇ ਅਮਨ ਭਾਈਚਾਰੇ ਵਿੱਚ ਵੀ ਨਫ਼ਰਤ ਦੀਆਂ ਦੀਵਾਰਾਂ ਖੜ੍ਹੀਆਂ ਕਰਨ ਦਾ ਕੰਮ ਕਰਦੇ ਹਨ ਅਤੇ ਦੂਜੇ ਬੰਨੇ ਘੱਟਗਿਣਤੀ ਮੁਸਲਮਾਨ ਭਾਈਚਾਰੇ ਦੇ ਨਾਗਰਿਕਤਾ ਹੱਕ ਦੀ ਰਾਖੀ ਲਈ ਆਵਾਜ਼ ਉਠਾਉਣ ਵਾਲੇ ਧਰਮ ਨਿਰਪੱਖ, ਜਮਹੂਰੀ ਕਾਰਕੁਨ ਬਿਨਾਂ ਮੁਕੱਦਮਾ ਚਲਾਏ, ਬਿਨਾਂ ਕੋਈ ਦੋਸ਼ ਸਾਬਤ ਕੀਤੇ ਜੇਲ੍ਹਾਂ ਵਿਚ ਸਾੜੇ ਜਾ ਰਹੇ ਹਨ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਆਗੂਆਂ ਆਗੂਆਂ ਨੇ ਕਿਹਾ ਹੈ ਕਿ ਉੱਚ ਅਦਾਲਤਾਂ ਦੇ ਇਨ੍ਹਾਂ ਪੱਖਪਾਤੀ ਫ਼ੈਸਲਿਆਂ ਤੋਂ ਸਾਫ਼ ਜ਼ਾਹਿਰ ਹੈ ਕਿ ਭਾਰਤੀ ਨਿਆਂ ਪ੍ਰਣਾਲੀ ਸੱਤਾਧਾਰੀ ਆਰਐੱਸਐੱਸ-ਭਾਜਪਾ ਦੇ ਦਬਾਅ ਹੇਠ ਖੁੱਲ੍ਹੇਆਮ ਮੁਸਲਮਾਨ ਭਾਈਚਾਰੇ, ਸਮਾਜਿਕ ਜਮਹੂਰੀ ਅਤੇ ਧਰਮ- ਨਿਰਪੱਖ ਆਵਾਜ਼ਾਂ ਦੀ ਜ਼ੁਬਾਨ ਬੰਦੀ ਲਈ ਲੋਕਪੱਖੀ ਕਾਰਕੁਨਾਂ ਦੇ ਹੱਕਾਂ ਦਾ ਘਾਣ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਗ਼ਦਰੀ ਬਾਬਿਆਂ ਅਤੇ ਆਜ਼ਾਦੀ ਲਹਿਰ ਦੀਆਂ ਇਨਕਲਾਬੀ ਲਹਿਰਾਂ ਨੂੰ ਜਿਵੇਂ ਚੋਣਵਾ ਨਿਸ਼ਾਨਾ ਬਣਾਇਆ ਜਾਂਦਾ ਸੀ ਅੱਜ ਜਦੋਂ ਉਸਤੋਂ ਵੀ ਦੋ ਕਦਮ ਅੱਗੇ ਜਾ ਕੇ ਬੇਇਨਸਾਫ਼ੀ ਹੋ ਰਹੀ ਹੈ ਤਾਂ ਗ਼ਦਰੀ ਦੇਸ਼ ਭਗਤਾਂ, ਬੀਬੀ ਗੁਲਾਬ ਕੌਰ ਅਤੇ ਭਗਤ ਸਿੰਘ ਵਰਗੇ ਚਿੰਤਨਸ਼ੀਲ ਇਨਕਲਾਬੀਆਂ ਦੇ ਵਾਰਸਾਂ ਦਾ ਫਰਜ਼ ਬਣਦਾ ਹੈ ਕਿ ਉਹ ਨੌਜਵਾਨਾਂ ਦੀ ਬਿਨਾਂ ਸ਼ਰਤ ਰਿਹਾਈ ਲਈ ਨਿਆਂਪਾਲਿਕਾ ਅਤੇ ਹਕੂਮਤ ਅੱਗੇ ਜ਼ੋਰਦਾਰ ਢੰਗ ਨਾਲ ਇਹ ਹੱਕੁ ਆਵਾਜ਼ ਬੁਲੰਦ ਕਰਨ ਲਈ ਅੱਗੇ ਆਉਣ। ਦੇਸ਼ ਭਗਤ ਯਾਦਗਾਰ ਕਮੇਟੀ ਆਗੂਆਂ ਨੇ ਮੰਗ ਕੀਤੀ ਕਿ ਉਮਰ ਖ਼ਾਲਿਦ ਸਮੇਤ ਦਿੱਲੀ ਸਾਜ਼ਿਸ਼ ਕੇਸ ਅਤੇ ਹੋਰ ਝੂਠੇ ਕੇਸਾਂ ਵਿਚ ਜੇਲ੍ਹਾਂ ਵਿਚ ਡੱਕੇ ਸਾਰੇ ਜਮਹੂਰੀ ਕਾਰਕੁਨਾਂ ਅਤੇ ਸਜ਼ਾ ਪੂਰੀ ਕਰ ਚੁੱਕੇ ਕੈਦੀਆਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ, ਸਾਰੇ ਝੂਠੇ ਕੇਸ ਰੱਦ ਕੀਤੇ ਜਾਣ, ਯੂ. ਏ. ਪੀ. ਏ ਅਤੇ ਹੋਰ ਕਾਲ਼ੇ ਕਾਨੂੰਨ ਰੱਦ ਕੀਤੇ ਜਾਣ ਅਤੇ ਲੋਕਾਂ ਦੇ ਜਮਹੂਰੀ ਹੱਕ ਬਹਾਲ ਕੀਤੇ ਜਾਣ।
PUBLISHED BY LMI DAILY NEWS PUNJAB
My post content
