ਧਨੁਸ਼-ਤੀਰ ਦੇ ਚਿੰਨ੍ਹ ਨਾਲ ਬਬਰੀਕ ਚੌਕ ਨੂੰ ਮਿਲੀ ਨਵੀਂ ਦਿੱਖ* - ਕੈਬਨਿਟ ਮੰਤਰੀ ਵਲੋਂ ਨਵੀਨੀਕਰਨ ਉਪਰੰਤ ਬਬਰੀਕ ਚੌਕ ਲੋਕਾਂ ਨੂੰ ਸਮਰਪਿਤ
ਜਲੰਧਰ, 30 ਸਤੰਬਰ :(ਰਮੇਸ਼ ਗਾਬਾ) ਪੰਜਾਬ ਦੇ ਬਾਗਬਾਨੀ, ਸੁਤੰਤਰਤਾ ਸੈਨਾਨੀ ਅਤੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਮੋਹਿੰਦਰ ਭਗਤ ਵਲੋਂ ਅੱਜ ਨਵੇਂ ਸਿਰੇ ਤੋਂ ਬਣਾਏ ਗਏ ਬਬਰੀਕ ਚੌਕ ਨੂੰ ਆਮ ਲੋਕਾਂ ਨੂੰ ਸਮਰਪਿਤ ਕੀਤਾ ਗਿਆ, ਇਸ ਮੌਕੇ ਧਨੁਸ਼-ਤੀਰ ਦੇ ਢਾਂਚੇ ਦਾ ਉਦਘਾਟਨ ਕੀਤਾ ਗਿਆ, ਜਿਸ ਨੇ ਸ਼ਹਿਰ ਦੇ ਇਸ ਸਭ ਤੋਂ ਵੱਧ ਰੁਝੇਵਿਆਂ ਭਰੇ ਸਥਾਨ ਨੂੰ ਇਕ ਨਵੀਂ ਦਿੱਖ ਪ੍ਰਦਾਨ ਕੀਤੀ। ਮੇਅਰ ਵਿਨੀਤ ਧੀਰ, ਕਮਿਸ਼ਨਰ ਨਗਰ ਨਿਗਮ ਸੰਦੀਪ ਰਿਸ਼ੀ ਅਤੇ ਸੀਨੀਅਰ ਆਪ ਆਗੂ ਨਿਤਿਨ ਕੋਹਲੀ ਦੇ ਨਾਲ ਕੈਬਨਿਟ ਮੰਤਰੀ ਨੇ ਕਿਹਾ ਕਿ ਨਵੀਨੀਕਰਨ ਕੀਤਾ ਗਿਆ ਇਹ ਚੌਕ ਸ਼ਹਿਰ ਦੀ ਸੁੰਦਰਤਾ ਨੂੰ ਹੋਰ ਵਧਾਉਣ ਦੇ ਨਾਲ-ਨਾਲ ਰਾਹਗੀਰਾਂ ਨੂੰ ਤਾਜ਼ਗੀ ਭਰਪੂਰ ਦ੍ਰਿਸ਼ ਦਾ ਅਹਿਸਾਸ ਵੀ ਕਰਵਾਏਗਾ। ਇਸ ਮੌਕੇ ਕੈਬਨਿਟ ਮੰਤਰੀ ਵਲੋਂ ਯੂਨੀਵਰਸਲ ਸਪੋਰਟਸ ਇੰਡਸਟਰੀ ਦੁਆਰਾ ਇਸ ਚੌਰਾਹੇ ਦਾ ਨਵੀਨੀਕਰਨ ਕਰਕੇ ਸੁੰਦਰ ਬਣਾਉਣ ਲਈ ਕੀਤੇ ਗਏ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ ਗਈ। ਉਨ੍ਹਾਂ ਕਿਹਾ ਕਿ ਇਹਨਾਂ ਵਲੋਂ ਕੀਤੇ ਗਏ ਉਪਰਾਲੇ ਨੇ ਸ਼ਹਿਰ ਨੂੰ ਸੁੰਦਰ ਬਣਾਉਣ ਦੀ ਮੁਹਿੰਮ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਉਨ੍ਹਾਂ ਨਗਰ ਨਿਗਮ ਨੂੰ ਅਪੀਲ ਕੀਤੀ ਕਿ ਯੂਨੀਵਰਸ ਸਪੋਰਟਸ ਦੇ ਸਹਿਯੋਗ ਨਾਲ ਬਣਾਏ ਗਏ ਇਸ ਸੁੰਦਰ ਚੌਕ ਦੀ ਸਹੀ ਢੰਗ ਨਾਲ ਸਾਂਭ-ਸੰਭਾਲ ਨੂੰ ਵੀ ਯਕੀਨੀ ਬਣਾਇਆ ਜਾਵੇ, ਤਾਂ ਜੋ ਬਬਰੀਕ ਚੌਕ ਦੀ ਸੁੰਦਰਤਾ ਆਉਣ ਵਾਲੇ ਸਾਲਾਂ ਵਿੱਚ ਵੀ ਬਰਕਰਾਰ ਰਹੇ। ਸ੍ਰੀ ਭਗਤ ਨੇ ਅੱਗੇ ਦੱਸਿਆ ਕਿ ਨਗਰ ਨਿਗਮ ਵਲੋਂ ਪਹਿਲਾਂ ਹੀ ਸ਼ਹਿਰ ਦੇ ਚੌਰਾਹਿਆਂ ਨੂੰ ਨਵੀਂ ਦਿੱਖ ਅਤੇ ਸੁੰਦਰ ਬਣਾਉਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਦੌਰਾਨ ਲੋਕਾਂ ਨੂੰ ਸ਼ਹਿਰ ਦੇ ਅਨੇਕਾਂ ਚੌਕਾਂ ਵਿੱਚ ਬਦਲਾਅ ਦੇਖਣ ਨੂੰ ਮਿਲੇਗਾ, ਜਿਸ ਨਾਲ ਜਲੰਧਰ ਨੂੰ ਹੋਰ ਆਕਰਸ਼ਿਕ ਤੇ ਖੂਬਸੂਰਤ ਦਿੱਖ ਮਿਲੇਗੀ। --------
PUBLISHED BY LMI DAILY NEWS PUNJAB
My post content
