ਸਿਹਤ ਮੰਤਰੀ ਤੇ ਸੰਸਦ ਮੈਂਬਰ ਵੱਲੋਂ ਜਲੰਧਰ ’ਚ ਅਤਿ-ਆਧੁਨਿਕ ਨਸ਼ਾ ਛੁਡਾਊ ਤੇ ਮੁੜ ਵਸੇਬਾ ਕੇਂਦਰ ਦਾ ਉਦਘਾਟਨ ਆਧੁਨਿਕ ਇਲਾਜ, ਹੁਨਰ ਵਿਕਾਸ ਤੇ ਮੁੜ ਵਸੇਬੇ ਲਈ ਕੇਂਦਰ ਦਾ 1.13 ਕਰੋੜ ਦੀ ਲਾਗਤ ਨਾਲ ਕੀਤਾ ਗਿਆ ਨਵੀਨੀਕਰਨ ਕਿਹਾ, ਮਾਰਚ 2025 ਤੋਂ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਇਲਾਜ ਉਪਰੰਤ 18 ਹਜ਼ਾਰ ਤੋਂ ਵੱਧ ਨੌਜਵਾਨਾਂ ਨੇ ਨਸ਼ਾ ਛੱਡਿਆ

ਜਲੰਧਰ, 3 ਅਕਤੂਬਰ : (ਰਮੇਸ਼ ਗਾਬਾ) ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਸੰਸਦ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ ਅਤੇ ਵਿਧਾਇਕ ਬਲਕਾਰ ਸਿੰਘ ਸਮੇਤ ਅੱਜ ਜਲੰਧਰ ਦੇ ਪਿੰਡ ਸ਼ੇਖੇ ਵਿਖੇ ਮਾਡਲ ਨਸ਼ਾ ਛੁਡਾਊ ਤੇ ਮੁੜ ਵਸੇਬਾ ਕੇਂਦਰ ਸਮਰਪਿਤ ਕੀਤਾ । 1.13 ਕਰੋੜ ਰੁਪਏ ਦੀ ਲਾਗਤ ਨਾਲ ਨਵੀਨੀਕਰਨ ਕੀਤੇ ਗਏ ਇਸ ਕੇਂਦਰ ਨੂੰ ਨਸ਼ਾ ਪ੍ਰਭਾਵਿਤ ਵਿਅਕਤੀਆਂ ਦੇ ਵਿਆਪਕ ਇਲਾਜ ਅਤੇ ਮੁੜ ਵਸੇਬੇ ਨੂੰ ਯਕੀਨੀ ਬਣਾਉਣ ਲਈ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਕੀਤਾ ਗਿਆ ਹੈ। ਸਿਹਤ ਮੰਤਰੀ ਨੇ ਕਿਹਾ ਕਿ ਇਹ ਕੇਂਦਰ ਨਾ ਸਿਰਫ਼ ਡਾਕਟਰੀ ਇਲਾਜ 'ਤੇ ਧਿਆਨ ਕੇਂਦਰਿਤ ਕਰੇਗਾ, ਸਗੋਂ ਨਸ਼ਾ ਪ੍ਰਭਾਵਿਤ ਵਿਅਕਤੀਆਂ ਨੂੰ ਦਿਨ ਭਰ ਉਸਾਰੂ ਗਤੀਵਿਧੀਆਂ ਵਿੱਚ ਰੁੱਝੇ ਰੱਖਣ 'ਤੇ ਵੀ ਵਿਸ਼ੇਸ਼ ਤਵਜੋਂ ਦੇਵੇਗਾ। ਸਨ ਫਾਊਂਡੇਸ਼ਨ ਦੇ ਸਹਿਯੋਗ ਨਾਲ ਹੁਨਰ ਵਿਕਾਸ ਕੇਂਦਰ ਨਾਲ ਏਕੀਕ੍ਰਿਤ ਇਹ ਸੈਂਟਰ ਮੋਬਾਈਲ ਮੁਰੰਮਤ, ਸੈਲੂਨ ਸੇਵਾਵਾਂ, ਕੁਕਿੰਗ, ਕੰਪਿਊਟਰ ਸਾਖ਼ਰਤਾ, ਇਲੈਕਟ੍ਰੀਸ਼ੀਅਨ ਕੋਰਸਾਂ ਅਤੇ ਫੁੱਟਬਾਲ ਤੇ ਕ੍ਰਿਕਟ ਬਾਲ ਸਿਲਾਈ ਵਰਗੇ ਖੇਡਾਂ ਨਾਲ ਸਬੰਧਤ ਹੁਨਰਾਂ ਦੀ ਸਿਖ਼ਲਾਈ ਪ੍ਰਦਾਨ ਕਰੇਗਾ। ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਅਤੇ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਵੀ ਮੌਜੂਦ ਸਨ। ਇਹ ਕੇਂਦਰ ਇਕ ਡੀਟੌਕਸੀਫਿਕੇਸ਼ਨ ਵਾਰਡ, ਐਮਰਜੈਂਸੀ ਦੇਖ਼ਭਾਲ, ਕਾਊਂਸਲਿੰਗ ਸੈਸ਼ਨਜ਼, ਰੋਜ਼ਗਾਰ ਸੈੱਲ, ਕਾਨੂੰਨੀ ਸਹਾਇਤਾ ਸੇਵਾਵਾਂ, ਲਾਇਬ੍ਰੇਰੀ, ਇਨਡੋਰ ਅਤੇ ਆਊਟਡੋਰ ਗੇਮਜ਼, ਅਤਿ-ਆਧੁਨਿਕ ਜਿਮਨੇਜ਼ੀਅਮ, ਯੋਗਾ, ਮੈਡੀਟੇਸ਼ਨ, ਸੰਗੀਤ ਤੇ ਡਾਂਸ ਥੈਰੇਪੀ ਅਤੇ ਏਅਰ-ਕੰਡੀਸ਼ਨਡ ਵਾਰਡਾਂ ਨਾਲ ਵੀ ਲੈਸ ਹੈ। ਸਿਹਤ ਮੰਤਰੀ ਨੇ ਜ਼ੋਰ ਦਿੰਦਿਆਂ ਕਿਹਾ ਕਿ ਇਹ ਪ੍ਰੋਗਰਾਮ ਮਰੀਜ਼ਾਂ ਨੂੰ ਸਵੇਰ ਦੀ ਪ੍ਰਾਰਥਨਾ ਤੋਂ ਲੈ ਕੇ ਜਿੰਮ, ਹੁਨਰ ਕਲਾਸਾਂ, ਖੇਡਾਂ ਅਤੇ ਮਨੋਰੰਜਨ ਗਤੀਵਿਧੀਆਂ ਤੱਕ ਪੂਰੀ ਤਰ੍ਹਾਂ ਰੁੱਝਿਆ ਰੱਖਣ ਲਈ ਤਿਆਰ ਕੀਤਾ ਗਿਆ ਹੈ ਤਾਂ ਜੋ ਸੰਪੂਰਨ ਰਿਕਵਰੀ ਨੂੰ ਯਕੀਨੀ ਬਣਾਇਆ ਜਾ ਸਕੇ। ਸੂਬੇ ਦੀ ਪ੍ਰਮੁੱਖ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਦੀ ਪ੍ਰਗਤੀ 'ਤੇ ਚਾਨਣਾ ਪਾਉਂਦਿਆਂ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਮਾਰਚ 2025 ਤੋਂ ਲੈ ਕੇ ਹੁਣ ਤੱਕ, 18,000 ਤੋਂ ਵੱਧ ਵਿਅਕਤੀਆਂ ਨੇ ਨਸ਼ੇ ਦੀ ਲਤ 'ਤੇ ਕਾਬੂ ਪਾਇਆ ਹੈ, ਜਿਨ੍ਹਾਂ ਵਿੱਚੋਂ 6,000 ਤੋਂ ਵੱਧ ਲੋਕਾਂ ਨੂੰ ਰੋਜ਼ਗਾਰ ਜਾਂ ਸਵੈ-ਰੋਜ਼ਗਾਰ ਦੇ ਮੌਕੇ ਪ੍ਰਾਪਤ ਹੋਏ ਹਨ। ਉਨ੍ਹਾਂ ਦੁਹਰਾਇਆ ਕਿ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨਸ਼ਿਆਂ ਵਿਰੁੱਧ ਬਹੁ-ਪੱਖੀ ਰਣਨੀਤੀ ’ਤੇ ਕੰਮ ਕਰ ਰਹੀ ਹੈ, ਜਿਸ ਤਹਿਤ ਨਸ਼ਾ ਤਸਕਰਾਂ ਵਿਰੁੱਧ ਸਖ਼ਤ ਕਾਰਵਾਈ ਦੇ ਨਾਲ-ਨਾਲ ਮੁੜ ਵਸੇਬੇ ਸਬੰਧੀ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨਾ ਵੀ ਸ਼ਾਮਲ ਹੈ। ਐਮ.ਪੀ. ਅਤੇ ਸਨ ਫਾਊਂਡੇਸ਼ਨ ਦੇ ਚੇਅਰਮੈਨ ਡਾ. ਵਿਕਰਮਜੀਤ ਸਿੰਘ ਸਾਹਨੀ ਨੇ ਐਲਾਨ ਕੀਤਾ ਕਿ ਪੰਜਾਬ ਦੇ ਸਾਰੇ 23 ਜ਼ਿਲ੍ਹਾ ਪੱਧਰੀ ਨਸ਼ਾ ਛੁਡਾਊ ਕੇਂਦਰਾਂ ਨੂੰ ਅਪਗ੍ਰੇਡ ਕੀਤਾ ਜਾਵੇਗਾ, ਜਿਸ ਵਿੱਚ ਚਾਰ ਨਵੇਂ ਕੇਂਦਰ ਸਥਾਪਤ ਕੀਤੇ ਜਾਣਗੇ ਅਤੇ 19 ਦਾ ਨਵੀਨੀਕਰਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਕੱਲੇ ਜਲੰਧਰ ਦੇ ਨਵੇਂ ਕੇਂਦਰ ਵਿੱਚ 300 ਤੋਂ ਵੱਧ ਨੌਜਵਾਨ ਹੁਨਰ ਸਿਖ਼ਲਾਈ ਪ੍ਰਾਪਤ ਕਰਨਗੇ। ਇਸ ਤੋਂ ਪਹਿਲਾਂ, ਪਤਵੰਤਿਆਂ ਨੇ ਕੇਂਦਰ ਦਾ ਦੌਰਾ ਕੀਤਾ, ਉਥੇ ਰਹਿਣ ਵਾਲੇ ਨਸ਼ਾ ਪ੍ਰਭਾਵਿਤ ਵਿਅਕਤੀਆਂ ਨਾਲ ਗੱਲਬਾਤ ਕੀਤੀ ਅਤੇ ਮਰੀਜ਼ਾਂ ਨੂੰ ਇੱਕ ਨਵਾਂ ਜੀਵਨ ਦੇਣ ਦੇ ਉਦੇਸ਼ ਨਾਲ ਅਤਿ ਆਧੁਨਿਕ, ਮਾਡਲ ਸੈਂਟਰ ਸਥਾਪਤ ਕਰਨ ਲਈ ਜਲੰਧਰ ਪ੍ਰਸ਼ਾਸਨ ਦੀ ਸ਼ਲਾਘਾ ਕੀਤੀ। ਇਸ ਦੌਰਾਨ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਇੱਥੇ ਪਹੁੰਚਣ 'ਤੇ ਪਤਵੰਤਿਆਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਨਸ਼ਾ ਵਿਰੋਧੀ ਗਤੀਵਿਧੀਆਂ ਦੀ ਪ੍ਰਗਤੀ ਤੋਂ ਜਾਣੂ ਕਰਵਾਇਆ।

PUBLISHED BY LMI DAILY NEWS PUNJAB

Ramesh Gaba

10/3/20251 min read

a man riding a skateboard down the side of a ramp
a man riding a skateboard down the side of a ramp

My post content