ਜਲੰਧਰ ''ਚ ਸੁਲਝਿਆ ਹਿੰਦੂ-ਮੁਸਲਿਮ ਵਿਵਾਦ, ਦੋਵਾਂ ਪੱਖਾਂ ਨੇ ਰਲਕੇ ਤਿਓਹਾਰ ਮਨਾਉਣ ਦੀ ਕੀਤੀ ਅਪੀਲ
ਜਲੰਧਰ (ਰਮੇਸ਼ ਗਾਬਾ)ਜਲੰਧਰ 'ਚ ਹਿੰਦੂ ਅਤੇ ਮੁਸਲਮਾਨ ਭਾਈਚਾਰੇ ਵਿਚਾਲੇ ਖੜ੍ਹਾ ਕੀਤਾ ਜਾ ਰਿਹਾ ਵਿਵਾਦ ਸੁਲਝ ਗਿਆ ਹੈ। ਇਸ ਮਸਲੇ ਵਿਚ ਸ਼ਾਮਲ ਦੋਹਾਂ ਧਿਰਾਂ ਨੇ ਇਕ ਦੂਜੇ ਨੂੰ ਗਲ ਲਾ ਕੇ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਕਾਇਮ ਰੱਖਣ ਦੀ ਗੱਲ ਆਖੀ ਹੈ। 'ਆਈ ਲਵ ਮੁਹੰਮਦ' ਦੇ ਮਸਲੇ 'ਤੇ ਰੋਸ ਪ੍ਰਦਰਸ਼ਨ ਕਰ ਰਹੇ ਮੁਸਲਮਾਨ ਭਾਈਚਾਰੇ ਦੇ ਪ੍ਰਦਰਸ਼ਨ ਦੌਰਾਨ 'ਜੈ ਸ਼੍ਰੀ ਰਾਮ' ਦਾ ਨਾਅਰਾ ਲਗਾਉਣ ਵਾਲੇ ਯੋਗੇਸ਼ ਮੈਣੀ ਅਤੇ ਉਕਤ ਪ੍ਰਦਰਸ਼ਨ ਵਿਚ ਸ਼ਾਮਲ ਮੁਸਲਮਾਨ ਭਾਈਚਾਰੇ ਦੇ ਲੀਡਰਾਂ ਵੱਲੋਂ ਆਪਸ ਵਿਚ ਸਮਝੌਤਾ ਕਰ ਲਿਆ ਗਿਆ ਹੈ। ਕੈਬਨਿਟ ਮੰਤਰੀ ਮੋਹਿੰਦਰ ਭਗਤ ਨੇ ਹਿੰਦੂ ਤੇ ਮੁਸਲਮਾਨ ਭਾਈਚਾਰੇ ਦੇ ਲੀਡਰਾਂ ਨੂੰ ਆਪਣੇ ਘਰ ਸੱਦਿਆ ਸੀ ਤੇ ਦੋਹਾਂ ਵਿਚਾਲੇ ਰਾਜ਼ੀਨਾਮਾ ਕਰਵਾਇਆ ਹੈ। ਇਸ ਦੌਰਾਨ ਦੋਹਾਂ ਧਿਰਾਂ ਨੇ ਕਿਹਾ ਕਿ ਜੋ ਕੁਝ ਵੀ ਹੋਇਆ ਉਹ ਨਹੀਂ ਹੋਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਪੰਜਾਬ ਦੀ ਭਾਈਚਾਰਕ ਸਾਂਝ ਸਾਰਿਆਂ ਦੇ ਲਈ ਮਿਸਾਲ ਹੈ ਤੇ ਇਹ ਹਮੇਸ਼ਾ ਕਾਇਮ ਰਹਿਣੀ ਚਾਹੀਦੀ ਹੈ। ਇਸ ਦੌਰਾਨ ਮੁਸਲਮਾਨ ਭਾਈਚਾਰੇ ਦੇ ਆਗੂ ਆਯੂਬ ਖ਼ਾਨ ਨੇ ਵਾਅਦਾ ਕੀਤਾ ਕਿ ਅਸੀਂ ਰਲ਼ ਮਿਲ ਕੇ ਸਾਰੇ ਤਿਉਹਾਰ ਮਨਾਵਾਂਗੇ ਤੇ ਦੀਵਾਲੀ 'ਤੇ ਉਹ ਯੋਗੇਸ਼ ਮੈਣੀ ਦੇ ਘਰ ਜਾ ਕੇ ਉਨ੍ਹਾਂ ਦੇ ਨਾਲ ਖ਼ੁਸ਼ੀਆਂ ਸਾਂਝੀਆਂ ਕਰਨਗੇ। ਇਸ ਦੌਰਾਨ ਦੋਹਾਂ ਭਾਈਚਾਰਿਆਂ ਦੇ ਲੀਡਰਾਂ ਦੇ ਨਾਲ-ਨਾਲ ਆਮ ਆਦਮੀ ਪਾਰਟੀ ਦੇ ਸਮੁੱਚੀ ਲੀਡਰਸ਼ਿਪ ਵੀ ਮੌਜੂਦ ਰਹੀ।
PUBLISHED BY LMI DAILY NEWS PUNJAB
My post content
