ਰੌਸ਼ਨ ਪੰਜਾਬ’; ਜਲੰਧਰ ਜ਼ਿਲ੍ਹੇ ’ਚ ਖਰਚ ਕੀਤੇ ਜਾਣਗੇ 289 ਕਰੋੜ ਰੁਪਏ - ਨਵੇਂ ਟਰਾਂਸਫਾਰਮਰ, ਨਵੇਂ ਬਿਜਲੀ ਘਰਾਂ ਦੀ ਸਥਾਪਨਾ ਸਮੇਤ ਨਵੀਆਂ ਲਾਈਨਾਂ ਤੇ ਫੀਡਰਾਂ ਦੀ ਡੀਲੋਡਿੰਗ ਦੇ ਕੀਤੇ ਜਾਣਗੇ ਕੰਮ - ਕੈਬਨਿਟ ਮੰਤਰੀ ਮੋਹਿੰਦਰ ਭਗਤ ਵੱਲੋਂ ਫੋਕਲ ਪੁਆਇੰਟ ਵਿਖੇ 4 ਕਰੋੜ ਰੁਪਏ ਦੀ ਲਾਗਤ ਵਾਲੇ ਬਿਜਲੀ ਟਰਾਂਸਫਾਰਮਰ ਦਾ ਉਦਘਾਟਨ - ਪੰਜਾਬ ਸਰਕਾਰ ਵਲੋਂ ਪਾਵਰ ਕੱਟਾਂ ਤੋਂ ਮੁਕਤੀ ਦਿਵਾ ਕੇ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਉਣ ਦੀ ਵਚਨਬੱਧਤਾ ਦੁਹਰਾਈ

ਜਲੰਧਰ, 8 ਅਕਤੂਬਰ :(ਰਮੇਸ਼ ਗਾਬਾ) ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਨੂੰ ਬਿਜਲੀ ਕੱਟਾਂ ਤੋਂ ਮੁਕਤੀ ਦਿਵਾਉਣ ਲਈ ਸ਼ੁਰੂ ਕੀਤੇ ਪ੍ਰਾਜੈਕਟ ‘ਰੌਸ਼ਨ ਪੰਜਾਬ’ ਤਹਿਤ ਪੰਜਾਬ ਦੇ ਬਾਗਬਾਨੀ, ਸੁਤੰਤਰਤਾ ਸੈਨਾਨੀ ਅਤੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਮੋਹਿੰਦਰ ਭਗਤ ਵੱਲੋਂ ਅੱਜ ਫੋਕਲ ਪੁਆਇੰਟ-2 ਵਿਖੇ ਕਰੀਬ 4 ਕਰੋੜ ਰੁਪਏ ਦੀ ਲਾਗਤ ਵਾਲੇ 31.5 ਐਮ.ਵੀ.ਏ. ਪਾਵਰ ਟਰਾਂਸਫਾਰਮਰ ਦਾ ਉਦਘਾਟਨ ਕੀਤਾ ਗਿਆ। ਕੈਬਨਿਟ ਮੰਤਰੀ ਨੇ ਇਸ ਮੌਕੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਸੂਬੇ ਦੇ ਲੋਕਾਂ ਨੂੰ ਬਿਨ੍ਹਾਂ ਬਿਜਲੀ ਕੱਟਾਂ ਤੋਂ ਨਿਰਵਿਘਨ ਬਿਜਲੀ ਸਪਲਾਈ ਦੇਣ ਲਈ ‘ਰੌਸ਼ਨ ਪੰਜਾਬ’ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਤਹਿਤ ਜਲੰਧਰ ਜ਼ਿਲ੍ਹੇ ਵਿੱਚ ਨਵੇਂ ਟਰਾਂਸਫਾਰਮਰ, ਨਵੇਂ ਬਿਜਲੀ ਘਰ, ਨਵੀਆਂ ਲਾਈਨਾਂ, ਫੀਡਰਾਂ ਦੀ ਡੀਲੋਡਿੰਗ ਆਦਿ ’ਤੇ 289.20 ਕਰੋੜ ਰੁਪਏ ਖਰਚ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਵਿੱਚ 145.90 ਕਰੋੜ ਰੁਪਏ ਨਾਲ 11 ਕੇ.ਵੀ. ਫੀਡਰਾਂ ਦੀ ਡੀਲੋਡਿੰਗ, 25.50 ਕਰੋੜ ਨਾਲ ਨਵੇਂ ਡਿਸਟ੍ਰੀਬਿਊਸ਼ਨ ਟਰਾਂਸਫਾਰਮਰ, 12.30 ਕਰੋੜ ਨਾਲ ਡਿਸਟ੍ਰੀਬਿਊਸ਼ਨ ਟਰਾਂਸਫਾਰਮਰਾਂ ਦੀ ਸਮਰੱਥਾ ਵਿੱਚ ਵਾਧਾ, 29.30 ਕਰੋੜ ਨਾਲ ਨਵੇਂ 66 ਕੇ.ਵੀ. ਬਿਜਲੀ ਘਰਾਂ ਦੀ ਸਥਾਪਨਾ, 44.50 ਕਰੋੜ ਨਾਲ 66 ਕੇ.ਵੀ. ਪਾਵਰ ਟਰਾਂਸਫਾਰਮਰਾਂ ਦੀ ਸਮਰੱਥਾ ਵਿੱਚ ਵਾਧਾ ਅਤੇ 31.70 ਕਰੋੜ ਰੁਪਏ ਨਾਲ 66 ਕੇ.ਵੀ. ਲਾਈਨਾਂ ਪਾਉਣ ਦੇ ਕੰਮ ਸ਼ਾਮਲ ਹਨ। ਇਸ ਮੌਕੇ ‘ਆਪ’ ਆਗੂ ਦਿਨੇਸ਼ ਢੱਲ ਵੀ ਮੌਜੂਦ ਸਨ। ਸ਼੍ਰੀ ਭਗਤ ਨੇ ਕਿਹਾ ਕਿ ਇਨ੍ਹਾਂ ਕਾਰਜਾਂ ਦੇ ਮੁਕੰਮਲ ਹੋਣ ਨਾਲ ਬਿਜਲੀ ਸਪਲਾਈ ਹੋਰ ਬਿਹਤਰ ਬਣੇਗੀ ਅਤੇ ਉਦਯੋਗਿਕ ਕੁਨੈਕਸ਼ਨਾਂ ਨੂੰ ਵੀ ਨਿਰਵਿਘਨ ਪਾਵਰ ਸਪਲਾਈ ਜਾਰੀ ਕਰਨ ਵਿੱਚ ਸਹੂਲਤ ਮਿਲੇਗੀ। ਉਨ੍ਹਾਂ ਕਿਹਾ ਕਿ 66 ਕੇ.ਵੀ. ਬਿਜਲੀ ਘਰ ਫੋਕਲ ਪੁਆਇੰਟ ਵਿਖੇ ਬਿਜਲੀ ਟਰਾਂਸਫਾਰਮਰ, ਜਿਸ ਦੀ ਸਮਰੱਥਾ ਪਹਿਲਾਂ 20 ਐਮ.ਵੀ.ਏ. ਸੀ., ਨੂੰ ਅੱਜ ਵਧਾ ਕੇ 31.5 ਐਮ.ਵੀ.ਏ. ਕੀਤਾ ਗਿਆ ਹੈ, ਜਿਸ ਨਾਲ ਫੋਕਲ ਪੁਆਇੰਟ ਇਲਾਕੇ ਵਿੱਚ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਨ ਨਾਲ ਉਦਯੋਗਾਂ ਨੂੰ ਫਾਇਦਾ ਹੋਵੇਗਾ। ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਖਪਤਕਾਰਾਂ ਨੂੰ ਮਿਆਰੀ ਅਤੇ ਨਿਰਵਿਘਨ ਬਿਜਲੀ ਸਪਲਾਈ ਦੇਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਸ਼ੁਰੂ ਤੋਂ ਸੂਬੇ ਦੇ ਵਿਕਾਸ ਅਤੇ ਲੋਕਾਂ ਦੀ ਸਹੂਲਤ ਨੂੰ ਤਰਜੀਹ ਦਿੰਦਿਆਂ ਇਤਿਹਾਸਕ ਫੈਸਲੇ ਲਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਨੂੰ ਵਿਕਸਿਤ ਅਤੇ ਖੁਸ਼ਹਾਲ ਰਾਜ ਬਣਾਉਣ ਲਈ ਲਗਾਤਾਰ ਯਤਨਸ਼ੀਲ ਹੈ। ਇਸ ਉਪਰੰਤ ਕੈਬਨਿਟ ਮੰਤਰੀ ਵੱਲੋਂ ਬਿਜਲੀ ਘਰ ਫੋਕਲ ਪੁਆਇੰਟ ਵਿਖੇ ਬੂਟਾ ਲਾ ਕੇ ਵਾਤਾਵਰਣ ਦੀ ਸੰਭਾਲ ਵਿੱਚ ਯੋਗਦਾਨ ਪਾਉਣ ਦਾ ਸੱਦਾ ਵੀ ਦਿੱਤਾ ਗਿਆ। ਇਸ ਮੌਕੇ ਕੌਂਸਲਰ ਚਰਨਜੀਤ ਬੱਧਨ, ਡਿਪਟੀ ਚੀਫ਼ ਇੰਜੀਨੀਅਰ ਐਸ.ਪੀ.ਸੌਂਧੀ, ਐਕਸੀਅਨ ਸੰਨੀ ਭਾਂਗਰਾ, ਐਕਸੀਅਨ ਪੀ.ਐਂਡ ਐਮ ਦਵਿੰਦਰ ਸਿੰਘ, ਸਬ ਸਟੇਸ਼ਨ ਇੰਜੀਨੀਅਰ ਇੰਜ. ਮਨਹਰਪ੍ਰੀਤ ਸਿੰਘ, ਇੰਜ. ਰਾਜੇਸ਼ ਗੁਪਤਾ, ਇੰਜ. ਨੀਰਜ ਪਿਪਲਾਨੀ ਅਤੇ ਇੰਜ. ਕੁਲਵਿੰਦਰ ਕੁਮਾਰ, ਐਸ.ਡੀ.ਓ ਕੰਵਲਪ੍ਰੀਤ ਸਿੰਘ, ਰਾਜੀਵ ਕੁਮਾਰ, ਗੋਪਾਲ ਸ਼ਰਮਾ, ਰੁਪਿੰਦਰ ਸ਼ਰਮਾ, ਬਲਵੰਤ ਸਿੰਘ ਭੁੱਲਰ, ਪੁਸ਼ਪਿੰਦਰ ਸਿੰਘ ਤੇ ਪ੍ਰਦੀਪ ਸੈਣੀ ਸਮੇਤ ਹੋਰ ਸ਼ਖਸੀਅਤਾਂ ਵੀ ਮੌਜੂਦ ਸਨ। -----------

PUBLISHED BY LMI DAILY NEWS PUNJAB

Ramesh Gaba

10/8/20251 min read

photo of white staircase
photo of white staircase

My post content