69ਵੀਆਂ ਪੰਜਾਬ ਸਕੂਲ ਖੇਡਾਂ ਜੂਡੋ ਅੰਡਰ-17 ਦੇ ਮੁਕਾਬਲਿਆਂ ਦਾ ਸ਼ਾਨਦਾਰ ਆਗਾਜ਼ ਲੜਕਿਆਂ ਦੇ 81 ਕਿਲੋਗ੍ਰਾਮ ਭਾਰ ਵਰਗ ਮੁਕਾਬਲੇ ’ਚ ਗੁਰਦਾਸਪੁਰ ਦੇ ਅਵਿਨਾਸ਼ ਮੱਟੂ ਨੇ ਮਾਰੀ ਬਾਜ਼ੀ
ਜਲੰਧਰ, 13 ਅਕਤੂਬਰ (ਰਮੇਸ਼ ਗਾਬਾ): ਸਕੂਲ ਸਿੱਖਿਆ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ 69ਵੀਆਂ ਰਾਜ ਪੱਧਰੀ ਸਕੂਲ ਖੇਡਾਂ ਜੂਡੋ ਅੰਡਰ-17 (ਲੜਕੇ/ਲੜਕੀਆਂ) ਦੇ ਮੁਕਾਬਲੇ ਅੱਜ ਸਕੂਲ ਆਫ਼ ਐਮੀਨੈਂਸ ਲਾਡੋਵਾਲੀ ਰੋਡ ਵਿਖੇ ਸ਼ੁਰੂ ਹੋਏ, ਜਿਨ੍ਹਾਂ ਦਾ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ) ਡਾ.ਗੁਰਿੰਦਰਜੀਤ ਕੌਰ ਅਤੇ ਵਿਸ਼ੇਸ਼ ਮਹਿਮਾਨ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ) ਰਾਜੀਵ ਜੋਸ਼ੀ ਵੱਲੋਂ ਰਸਮੀ ਤੌਰ ’ਤੇ ਗੁਬਾਰੇ ਛੱਡ ਕੇ ਉਦਘਾਟਨ ਕੀਤਾ ਗਿਆ। ਇਸ ਮੌਕੇ ਡਾ.ਗੁਰਿੰਦਰਜੀਤ ਕੌਰ ਨੇ ਸਮੂਹ ਖਿਡਾਰੀਆਂ ਨੂੰ ਖੇਡ ਭਾਵਨਾ ਨਾਲ ਖੇਡਣ ਲਈ ਪ੍ਰੇਰਿਤ ਕਰਨ ਦੇ ਨਾਲ-ਨਾਲ ਕੌਮਾਂਤਰੀ ਪੱਧਰ 'ਤੇ ਦੇਸ਼ ਦਾ ਨਾਂ ਚਮਕਾਉਣ ਲਈ ਉਤਸ਼ਾਹਿਤ ਕੀਤਾ। ਅੱਜ ਹੋਏ ਮੁਕਾਬਲਿਆਂ ਵਿੱਚ ਲੜਕਿਆਂ ਦੇ ਮੁਕਾਬਲਿਆਂ ਵਿੱਚ 81 ਕਿਲੋਗ੍ਰਾਮ ਭਾਰ ਵਰਗ ਵਿੱਚ ਗੁਰਦਾਸਪੁਰ ਦੇ ਅਵਿਨਾਸ਼ ਮੱਟੂ ਨੇ ਪਹਿਲਾ, ਹੁਸ਼ਿਆਰਪੁਰ ਦੇ ਸਰਵਨ ਸਿੰਘ ਨੇ ਦੂਜਾ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਜਸਨੂਰ ਤੇ ਬਠਿੰਡਾ ਦੇ ਸਕਸ਼ਮ ਗਰਗ ਨੇ ਸਾਂਝੇ ਤੌਰ ’ਤੇ ਤੀਜਾ ਸਥਾਨ ਹਾਸਲ ਕੀਤਾ। 90 ਕਿਲੋਗ੍ਰਾਮ ਭਾਰ ਵਰਗ ਵਿੱਚ ਪਟਿਆਲਾ ਦੇ ਰੋਹਿਤ ਨੇ ਪਹਿਲਾ, ਪਠਾਨਕੋਟ ਦੇ ਰਾਘਵ ਨੇ ਦੂਜਾ ਅਤੇ ਗੁਰਦਾਸਪੁਰ ਦੇ ਪ੍ਰਭਜੋਤ ਤੇ ਮਾਨਸਾ ਦੇ ਖੁਸ਼ਪ੍ਰੀਤ ਨੇ ਸਾਂਝੇ ਤੌਰ ’ਤੇ ਤੀਜਾ ਸਥਾਨ ਹਾਸਿਲ ਕੀਤਾ। ਇਸ ਮੌਕੇ ਅੰਤਰਰਾਸ਼ਟਰੀ ਰੈਫ਼ਰੀ ਅਤੇ ਜੂਡੋ ਐਸੋਸੀਏਸ਼ਨ ਪੰਜਾਬ ਦੇ ਜਨਰਲ ਸਕੱਤਰ ਲੈਕਚਰਾਰ ਸੁਰਿੰਦਰ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਟੂਰਨਾਮੈਂਟ ਦੇ ਜੇਤੂ ਖਿਡਾਰੀਆਂ ਨੂੰ 69ਵੀਆਂ ਨੈਸ਼ਨਲ ਸਕੂਲ ਖੇਡਾਂ ਜੂਡੋ ਵਿੱਚ ਸੂਬੇ ਦਾ ਨਾਂ ਚਮਕਾਉਣ ਦਾ ਮੌਕਾ ਮਿਲੇਗਾ। ਅਬਜ਼ਰਵਰ ਸੁਰਿੰਦਰ ਪਾਲ ਸਿੰਘ ਦੀ ਦੇਖ-ਰੇਖ ਵਿੱਚ ਕਰਵਾਏ ਗਏ ਅੱਜ ਦੇ ਮੁਕਾਬਲਿਆਂ ਦੌਰਾਨ ਆਸ਼ਾ ਰਾਣੀ, ਉਮਾ ਦੱਤਾ, ਦਿਨੇਸ਼ ਕੁਮਾਰ, ਰਜਨੀ, ਪਵਨ ਕੁਮਾਰ, ਨਰੇਸ਼ ਕੁਮਾਰ, ਸੁਲਿੰਦਰ ਸਿੰਘ, ਸਰੇਸ਼ ਕੁਮਾਰ ਅਤੇ ਸੁਧੀਰ ਕੁਮਾਰ ਵੱਲੋਂ ਬਤੌਰ ਰੈਫ਼ਰੀ ਦੀ ਭੂਮਿਕਾ ਬਖ਼ੂਬੀ ਨਿਭਾਈ ਗਈ। ਇਸ ਮੌਕੇ ਜ਼ਿਲ੍ਹਾ ਟੂਰਨਾਮੈਂਟ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਪ੍ਰਿੰਸੀਪਲ ਹਰਮੇਸ਼ ਲਾਲ ਘੇੜਾ, ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਅਮਨਦੀਪ ਕੌਂਡਲ, ਕਨਵੀਨਰ ਪ੍ਰਿੰਸੀਪਲ ਯੋਗੇਸ਼ ਕੁਮਾਰ, ਪ੍ਰਿੰਸੀਪਲ ਸੁਖਦੇਵ ਲਾਲ ਬੱਬਰ ਵੀ ਮੌਜੂਦ ਸਨ।
PUBLISHED BY LMI DAILY NEWS PUNJAB
My post content
