ਚੇਤਨਾ ਵਿੱਦਿਅਕ ਟੂਰ ਤਹਿਤ ਵਿਦਿਆਰਥੀਆਂ ਨੇ ਸਰਕਾਰੀ ਵਿਭਾਗਾਂ ਦੀ ਕਾਰਜਪ੍ਰਣਾਲੀ ਤੇ ਸੇਵਾਵਾਂ ਬਾਰੇ ਹਾਸਲ ਕੀਤੀ ਜਾਣਕਾਰੀ

ਜਲੰਧਰ, 25 ਅਕਤੂਬਰ : (ਰਮੇਸ਼ ਗਾਬਾ) ਜ਼ਿਲ੍ਹਾ ਪ੍ਰਸ਼ਾਸਨ ਦੇ ਨਿਵੇਕਲੇ ਉਪਰਾਲੇ ‘ਚੇਤਨਾ ਵਿੱਦਿਅਕ ਟੂਰ’ ਤਹਿਤ ਵੱਖ-ਵੱਖ ਸਕੂਲਾਂ ਦੇ ਕਰੀਬ 220 ਵਿਦਿਆਰਥੀਆਂ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਥਿਤ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਦਫ਼ਤਰਾਂ ਦਾ ਦੌਰਾ ਕਰਵਾਇਆ ਗਿਆ ਅਤੇ ਸਰਕਾਰੀ ਸੇਵਾਵਾਂ ਅਤੇ ਪ੍ਰਸ਼ਾਸਕੀ ਪ੍ਰਣਾਲੀ ਬਾਰੇ ਜਾਣਕਾਰੀ ਦਿੱਤੀ ਗਈ। ਇਸ ਦੌਰਾਨ ਸਹਾਇਕ ਕਮਿਸ਼ਨਰ (ਜ) ਰੋਹਿਤ ਜਿੰਦਲ ਅਤੇ ਸੀ.ਐਮ.ਐਫ.ਓ. ਨਵਦੀਪ ਸਿੰਘ ਵੱਲੋਂ ਵਿਦਿਆਰਥੀਆਂ ਨੂੰ ਸਰਕਾਰੀ ਵਿਭਾਗਾਂ ਦੇ ਕੰਮਕਾਜ, ਸੇਵਾਵਾਂ ਅਤੇ ਯੋਜਨਾਵਾਂ ਬਾਰੇ ਜਾਣੂ ਕਰਵਾਇਆ ਗਿਆ। ਇਸ ਮੌਕੇ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਸਕੱਤਰ ਸੁਰਜੀਤ ਲਾਲ ਵੀ ਮੌਜੂਦ ਸਨ। ਟੂਰ ਦੌਰਾਨ ਵਿਦਿਆਰਥੀਆਂ ਨੇ ਜਾਇਦਾਦ ਦੀ ਰਜਿਸਟ੍ਰੇਸ਼ਨ ਪ੍ਰਕਿਰਿਆ, ਇੰਤਕਾਲ, ਵਸੀਅਤਨਾਮਾ, ਹਲਫੀਆ ਬਿਆਨ, ਡਰਾਈਵਿੰਗ ਲਾਇਸੈਂਸ, ਜਾਤੀ ਸਰਟੀਫਿਕੇਟ, ਆਮਦਨ ਸਰਟੀਫਿਕੇਟ ਆਦਿ ਬਾਰੇ ਮੁੱਢਲੀ ਜਾਣਕਾਰੀ ਹਾਸਲ ਕੀਤੀ। ਉਪਰੰਤ ਵਿਦਿਆਰਥੀਆਂ ਨੂੰ ਡਾ. ਅੰਬੇਡਕਰ ਭਵਨ ਵਿਖੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਲਈ ਚੱਲ ਰਹੀਆਂ ਕੋਚਿੰਗ ਕਲਾਸਾਂ ਬਾਰੇ ਵੀ ਦੱਸਿਆ ਗਿਆ। ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ ਵਿਦਿਆਰਥੀਆਂ ਲਈ ਕਰੀਅਰ ਕਾਊਂਸਲਿੰਗ ਸੈਸ਼ਨ ਵੀ ਕਰਵਾਇਆ ਗਿਆ, ਜਿਸ ਵਿੱਚ ਉਨ੍ਹਾਂ ਨੂੰ ਵੱਖ-ਵੱਖ ਖੇਤਰਾਂ ਵਿੱਚ ਰੋਜ਼ਗਾਰ ਦੇ ਮੌਕਿਆਂ ਅਤੇ ਸਰਕਾਰ ਦੀਆਂ ਵੱਖ-ਵੱਖ ਸਵੈ ਰੋਜ਼ਗਾਰ ਸਕੀਮਾਂ ਤਹਿਤ ਸਬਸਿਡੀ ’ਤੇ ਮਿਲਣ ਵਾਲੇ ਕਰਜ਼ਿਆਂ ਬਾਰੇ ਜਾਣਕਾਰੀ ਦਿੱਤੀ ਗਈ। ਜ਼ਿਕਰਯੋਗ ਹੈ ਕਿ ਇਸ ਵਿੱਦਿਅਕ ਟੂਰ ਵਿੱਚ ਐਸ.ਡੀ. ਸੀਨੀਅਰ ਸੈਕੰਡਰੀ ਸਕੂਲ ਫੁੱਲਰਵਾਨ, ਏ.ਪੀ.ਜੇ. ਸੀਨੀਅਰ ਸੈਕੰਡਰੀ ਸਕੂਲ, ਮਾਡਲ ਟਾਊਨ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੜ੍ਹਾ, ਦੁਆਬਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਜਲੰਧਰ, ਸਰਕਾਰੀ ਹਾਈ ਸਕੂਲ ਰੈਣਕ ਬਾਜ਼ਾਰ ਜਲੰਧਰ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੌਕੇ ਜ਼ਿਲ੍ਹਾ ਗਾਈਡੈਂਸ ਕਾਊਂਸਲਰ ਨਰਿੰਦਰ ਕੁਮਾਰ, ਚੇਤਨਾ ਪ੍ਰਾਜੈਕਟ ਕੋਆਰਡੀਨੇਟਰ ਅਸ਼ੋਕ ਸਹੋਤਾ ਵੀ ਮੌਜੂਦ ਸਨ।

PUBLISHED BY LMI DAILY NEWS PUNJAB

Ramesh Gaba

10/25/20251 min read

white concrete building during daytime
white concrete building during daytime

My post content