ਯੁੱਧ ਨਸ਼ਿਆਂ ਵਿਰੁੱਧ; ਜਲੰਧਰ ਪ੍ਰੀਮੀਅਰ ਲੀਗ ਦੇ ਰੋਮਾਂਚਕ ਕ੍ਰਿਕਟ ਮੈਚ 'ਚ ਲੰਮਾ ਪਿੰਡ ਦਾ ਸਰਕਾਰੀ ਸਕੂਲ ਜੇਤੂ* - ਕੈਬਨਿਟ ਮੰਤਰੀ ਨੇ ਖਿਡਾਰੀਆਂ ਨੂੰ ਦਿੱਤਾ ਆਸ਼ੀਰਵਾਦ - ਕਿਹਾ, ਪੰਜਾਬ ਸਰਕਾਰ ਨੇ ਸੂਬੇ 'ਚ ਪੈਦਾ ਕੀਤਾ ਖੇਡ ਸੱਭਿਆਚਾਰ
ਜਲੰਧਰ, 1 ਨਵੰਬਰ :(ਰਮੇਸ਼ ਗਾਬਾ)ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਵਾਸਲ ਐਜੂਕੇਸ਼ਨ ਵਲੋਂ ਜਲੰਧਰ ਪ੍ਰਸ਼ਾਸਨ ਦੇ ਸਹਿਯੋਗ ਨਾਲ ਆਈਵੀ ਵਰਲਡ ਸਕੂਲ ਵਿਖੇ ਕਰਵਾਏ ਜਾ ਰਹੇ ਜਲੰਧਰ ਪ੍ਰੀਮੀਅਰ ਲੀਗ-2025 (ਅੰਡਰ-17) ਦਾ ਕ੍ਰਿਕਟ ਮੈਚ ਸਾਈ ਦਾਸ ਸਕੂਲ, ਜਲੰਧਰ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਲੰਮਾ ਪਿੰਡ ਵਿਚਕਾਰ ਹੋਇਆ। ਇਹ ਰੋਮਾਂਚਕ ਮੈਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਲੰਮਾ ਪਿੰਡ ਦੀ ਟੀਮ ਨੇ 118 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਜਿੱਤਿਆ। ਦੋਹਾਂ ਟੀਮਾਂ ਨੇ ਆਪਣੇ ਹੁਨਰ, ਸਮਰਪਣ ਅਤੇ ਖੇਡ ਭਾਵਨਾ ਨਾਲ ਦਰਸ਼ਕਾਂ ਦੇ ਦਿਲ ਜਿੱਤੇ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੇ ਨਾਲ ਮੁੱਖ ਮਹਿਮਾਨ ਵਜੋਂ ਪਹੁੰਚੇ ਕੈਬਨਿਟ ਮੰਤਰੀ ਮੋਹਿੰਦਰ ਭਗਤ ਨੇ ਜਿੱਥੇ ਖਿਡਾਰੀਆਂ ਨਾਲ ਜਾਣ ਪਛਾਣ ਕਰਕੇ ਉਨ੍ਹਾਂ ਨੂੰ ਆਸ਼ੀਰਵਾਦ ਦਿੱਤਾ, ਉੱਥੇ ਖੇਡ ਭਾਵਨਾ ਨਾਲ ਖੇਡਣ ਦੀ ਅਪੀਲ ਵੀ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਖੇਡਾਂ ਨੂੰ ਪ੍ਰਫੁੱਲਿਤ ਕਰਕੇ ਸੂਬੇ ਵਿੱਚ ਖੇਡ ਸੱਭਿਆਚਾਰ ਪੈਦਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਸੂਬਾ ਸਰਕਾਰ ਵਲੋਂ 'ਖੇਡਾਂ ਵਤਨ ਪੰਜਾਬ ਦੀਆਂ' ਸ਼ੁਰੂ ਕਰਵਾਉਣ ਤੋਂ ਇਲਾਵਾ ਦੇਸ਼ ਅਤੇ ਪੰਜਾਬ ਦਾ ਨਾਂਅ ਚਮਕਾਉਣ ਵਾਲੇ ਖਿਡਾਰੀਆਂ ਦੀ ਇਨਾਮੀ ਰਾਸ਼ੀ ਵਿੱਚ ਵਾਧਾ ਕੀਤਾ ਗਿਆ ਹੈ। ਉਨ੍ਹਾਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਕਰਵਾਏ ਜਾ ਰਹੇ ਜਲੰਧਰ ਪ੍ਰੀਮੀਅਰ ਲੀਗ-2025 ਦੀ ਸ਼ਲਾਘਾ ਵੀ ਕੀਤੀ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਖਿਡਾਰੀ ਖੇਡ ਭਾਵਨਾ ਨਾਲ ਖੇਡਣ। ਉਨ੍ਹਾਂ ਕਿਹਾ ਕਿ ਇਕ ਚੰਗਾ ਖਿਡਾਰੀ ਬਹੁਤ ਵਧੀਆ ਇਨਸਾਨ ਹੁੰਦਾ ਹੈ, ਕਿਉਂਕਿ ਖੇਡਾਂ ਨਾਲ ਆਤਮ ਵਿਸ਼ਵਾਸ ਪੈਦਾ ਹੋਣ ਤੋਂ ਇਲਾਵਾ ਅਨੁਸ਼ਾਸਨ ਅਤੇ ਜ਼ਿੰਮੇਵਾਰੀ ਦੇ ਗੁਣ ਪੈਦਾ ਹੁੰਦੇ ਹਨ। ਉਨ੍ਹਾਂ ਕਿਹਾ ਕਿ ਜਲੰਧਰ ਪ੍ਰੀਮੀਅਰ ਲੀਗ-2025 ਨੇ ਖਿਡਾਰੀਆਂ ਵਿੱਚ ਨਵਾਂ ਉਤਸ਼ਾਹ ਤੇ ਜੋਸ਼ ਭਰਿਆ ਹੈ। ਵਾਸਲ ਐਜੂਕੇਸ਼ਨ ਦੇ ਚੇਅਰਮੈਨ ਸੰਜੀਵ ਕੁਮਾਰ ਵਾਸਲ ਨੇ ਕਿਹਾ ਕਿ ਜਲੰਧਰ ਪ੍ਰੀਮੀਅਰ ਲੀਗ-2025 (ਅੰਡਰ-17 ਕ੍ਰਿਕਟ) ਵਿੱਚ 32 ਟੀਮਾਂ ਖੇਡ ਰਹੀਆਂ ਹਨ। ਇਸ ਮੌਕੇ ਸੀ.ਈ.ਓ. ਰਾਘਵ ਵਾਸਲ ਅਤੇ ਪਲੇਵੇਅਰ ਦੇ ਸਹਿ-ਸੰਸਥਾਪਕ ਆਦਿੱਤ ਮਿੱਤਲ ਵੀ ਮੌਜੂਦ ਸਨ। ਦਿਨ ਦੇ ਰੰਗਾਂ ਵਿੱਚ ਸੁਰ ਤੇ ਉਤਸ਼ਾਹ ਭਰਨ ਵਾਲਾ ਪਲ ਆਈਵੀ ਵਰਲਡ ਸਕੂਲ ਦੇ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਦੇ ਬੈਂਡ ਪ੍ਰਦਰਸ਼ਨ ਸਨ, ਜਿਨ੍ਹਾਂ ਨੇ ਆਪਣੀ ਊਰਜਾ ਅਤੇ ਤਾਲ-ਲਹਿਰ ਨਾਲ ਸਮਾਰੋਹ ਨੂੰ ਚਾਰ ਚੰਦ ਲਾ ਦਿੱਤੇ। -----
PUBLISHED BY LMI DAILY NEWS PUNJAB
My post content
