ਜਲੰਧਰ ਰੋਡਵੇਜ਼ ਡਰਾਈਵਰ ਦੇ ਕਤਲ ਖ਼ਿਲਾਫ਼ ਮੁਲਾਜ਼ਮਾਂ ਦੀ ਹੜਤਾਲ: ਬੱਸਾਂ ਦੇ ਪਹੀਏ ਜਾਮ!
ਜਲੰਧਰ, 5 ਨਵੰਬਰ:(ਰਮੇਸ਼ ਗਾਬਾ): ਮੰਗਲਵਾਰ ਨੂੰ ਕੁਰਾਲੀ (ਮੋਹਾਲੀ) ਵਿਖੇ ਰੋਡਵੇਜ਼ ਡਿਪੂ ਦੇ ਡਰਾਈਵਰ ਜਗਜੀਤ ਸਿੰਘ ਦੇ ਬੇਰਹਿਮੀ ਨਾਲ ਕਤਲ ਤੋਂ ਬਾਅਦ ਅੱਜ ਜਲੰਧਰ ਰੋਡਵੇਜ਼ ਡਿਪੂ ਦੇ ਕਰਮਚਾਰੀਆਂ ਵਿੱਚ ਭਾਰੀ ਰੋਸ ਹੈ। ਮੁਲਾਜ਼ਮਾਂ ਨੇ ਇਨਸਾਫ਼ ਦੀ ਮੰਗ ਨੂੰ ਲੈ ਕੇ ਹੜਤਾਲ ਸ਼ੁਰੂ ਕਰ ਦਿੱਤੀ ਹੈ ਅਤੇ ਸਾਰੀਆਂ ਬੱਸਾਂ ਦਾ ਸੰਚਾਲਨ ਰੋਕ ਦਿੱਤਾ ਗਿਆ ਹੈ। ਸਾਰੇ ਡਰਾਈਵਰ ਅਤੇ ਹੋਰ ਕਰਮਚਾਰੀ ਰੋਡਵੇਜ਼ ਡਿਪੂ ਵਿੱਚ ਧਰਨੇ 'ਤੇ ਬੈਠ ਗਏ ਹਨ, ਜਿਸ ਕਾਰਨ ਬੱਸ ਸਟੈਂਡ ਦੇ ਬਾਹਰ ਵੀ ਬੱਸਾਂ ਖੜ੍ਹੀਆਂ ਕਰ ਦਿੱਤੀਆਂ ਗਈਆਂ ਹਨ। ਹੌਰਨ ਵਜਾਉਣ 'ਤੇ ਹੋਇਆ ਸੀ ਝਗੜਾ, ਡਰਾਈਵਰ ਦੀ ਹੋਈ ਮੌਤ ਮੰਗਲਵਾਰ ਸ਼ਾਮ ਨੂੰ ਇਹ ਦਰਦਨਾਕ ਘਟਨਾ ਵਾਪਰੀ ਜਦੋਂ ਬੱਸ ਚੰਡੀਗੜ੍ਹ ਤੋਂ ਜਲੰਧਰ ਆ ਰਹੀ ਸੀ। ਮੋਹਾਲੀ ਦੇ ਕੁਰਾਲੀ ਵਿਖੇ ਰੈੱਡ ਲਾਈਟ 'ਤੇ ਡਰਾਈਵਰ ਜਗਜੀਤ ਸਿੰਘ ਨੇ ਸਾਈਡ ਲੈਣ ਲਈ ਹੌਰਨ ਵਜਾਇਆ। ਇਸ 'ਤੇ ਅੱਗੇ ਖੜ੍ਹੀ ਬੋਲੈਰੋ ਦੇ ਡਰਾਈਵਰ ਨੇ ਗੁੱਸੇ ਵਿੱਚ ਆ ਕੇ ਰੌਡ ਮਾਰ ਕੇ ਡਰਾਈਵਰ ਜਗਜੀਤ ਸਿੰਘ (36) ਦਾ ਕਤਲ ਕਰ ਦਿੱਤਾ। ਰੌਡ ਲੱਗਦੇ ਹੀ ਜਗਜੀਤ ਸਿੰਘ ਮੌਕੇ 'ਤੇ ਡਿੱਗ ਗਿਆ। ਉਸ ਨੂੰ ਤੁਰੰਤ ਕੁਰਾਲੀ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੋਂ ਮੋਹਾਲੀ ਰੈਫਰ ਕਰ ਦਿੱਤਾ ਗਿਆ, ਪਰ ਉੱਥੇ ਪਹੁੰਚਦਿਆਂ ਹੀ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਜਗਜੀਤ ਸਿੰਘ ਜਲੰਧਰ ਰੋਡਵੇਜ਼ ਡਿਪੂ ਵਿੱਚ ਤਾਇਨਾਤ ਸੀ ਅਤੇ ਸ਼ਾਦੀਸ਼ੁਦਾ ਸੀ ਤੇ ਉਸ ਦੇ ਦੋ ਛੋਟੇ ਬੱਚੇ ਹਨ। ਯੂਨੀਅਨ ਦੀਆਂ ਮੁੱਖ ਮੰਗਾਂ: ਮੁਆਵਜ਼ਾ ਅਤੇ ਨੌਕਰੀ ਰੋਡਵੇਜ਼ ਕਰਮਚਾਰੀ ਯੂਨੀਅਨ ਦੇ ਆਗੂ ਚਾਨਣ ਸਿੰਘ ਨੇ ਦੱਸਿਆ ਕਿ ਸਰਕਾਰ ਨੇ ਅਜੇ ਤੱਕ ਮ੍ਰਿਤਕ ਡਰਾਈਵਰ ਦੇ ਪਰਿਵਾਰ ਲਈ ਕਿਸੇ ਵੀ ਤਰ੍ਹਾਂ ਦੇ ਮੁਆਵਜ਼ੇ ਦਾ ਐਲਾਨ ਨਹੀਂ ਕੀਤਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਸਰਕਾਰ ਨੇ ਕੱਚੇ ਮੁਲਾਜ਼ਮਾਂ ਦੀ ਇੰਸ਼ੋਰੈਂਸ ਸਕੀਮ ਵੀ ਬੰਦ ਕਰ ਦਿੱਤੀ ਹੈ। ਮੁੱਖ ਮੰਗਾਂ: ਮ੍ਰਿਤਕ ਦੇ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇ। ਪਰਿਵਾਰ ਦੀ ਸਹਾਇਤਾ ਲਈ ₹1 ਕਰੋੜ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ। ਚਾਨਣ ਸਿੰਘ ਨੇ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ ਕਿ ਜਦੋਂ ਤੱਕ ਸਰਕਾਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨਦੀ, ਉਹ ਧਰਨੇ ਤੋਂ ਨਹੀਂ ਉੱਠਣਗੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਇਹ ਹੜਤਾਲ ਪੰਜਾਬ ਦੇ ਸਾਰੇ 27 ਡਿਪੂਆਂ ਤੱਕ ਫੈਲ ਜਾਵੇਗੀ ਅਤੇ ਸੂਬੇ ਭਰ ਵਿੱਚ ਬੱਸਾਂ ਦਾ ਸੰਚਾਲਨ ਠੱਪ ਕਰ ਦਿੱਤਾ ਜਾਵੇਗਾ
PUBLISHED BY LMI DAILY NEWS PUNJAB
My post content
