ਪੰਜਾਬ ਦੇ ਰਾਜਪਾਲ ਵਲੋਂ ਸ੍ਰੀ ਦੇਵੀ ਤਲਾਬ ਮੰਦਿਰ ਵਿਖੇ ਪਵਿੱਤਰ ਸਰੋਵਰ ਦੀ ਕਾਰ ਸੇਵਾ ਦਾ ਸ਼ੁਭ ਆਰੰਭ, ਲੋਕਾਂ ਨੂੰ ਸੇਵਾ ’ਚ ਵੱਧ ਚੜ੍ਹਕੇ ਹਿੱਸਾ ਲੈਣ ਦੀ ਕੀਤੀ ਅਪੀਲ* - ਪੰਜਾਬ ਵਿਧਾਨ ਸਭਾ ਦੇ ਸਪੀਕਰ, ਕੈਬਨਿਕ ਮੰਤਰੀ ਅਤੇ ਹੋਰ ਸਖਸ਼ੀਅਤਾਂ ਮੰਦਿਰ 'ਚ ਹੋਈਆਂ ਨਤਮਸਤਕ
ਜਲੰਧਰ, 07 ਨਵੰਬਰ :(ਰਮੇਸ਼ ਗਾਬਾ) ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆਂ ਨੇ ਅੱਜ ਇਤਿਹਾਸਿਕ ਸਿੱਧ ਸ਼ਕਤੀਪੀਠ ਸ੍ਰੀ ਦੇਵੀ ਤਲਾਬ ਮੰਦਿਰ ਜਲੰਧਰ ਵਿਖੇ ਸਰੋਵਰ ਦੀ ਕਾਰ ਸੇਵਾ ਦੀ ਸ਼ੁਰੂਆਤ ਕਰਦਿਆਂ ਸਾਰੇ ਵਰਗਾਂ ਦੇ ਲੋਕਾਂ ਨੂੰ ਸੱਦਾ ਦਿੰਦਿਆਂ ਇਸ ਪਵਿੱਤਰ ਸੇਵਾ ਵਿੱਚ ਸਰਗਰਮੀ ਨਾਲ ਸ਼ਿਰਕਤ ਕਰਨ ਦੀ ਅਪੀਲ ਕੀਤੀ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਕੈਬਿਨਟ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ, ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੰਡੀਆਂ, ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਭਾਰੀ ਮਨੀਸ਼ ਸਿਸ਼ੋਦੀਆ, ਪਦਮ ਭੂਸ਼ਣ ਬਰਜਿੰਦਰ ਸਿੰਘ ਹਮਦਰਦ ਅਤੇ ਸ੍ਰੀ ਦੇਵੀ ਤਲਾਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਸ਼ੀਤਲ ਵਿੱਜ ਦੇ ਨਾਲ ਪੰਜਾਬ ਦੇ ਰਾਜਪਾਲ ਕਾਰ ਸੇਵਾ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਪਵਿੱਤਰ ਮੰਦਿਰ ਵਿਖੇ ਨਤਮਸਤਕ ਹੋਏ। ਇਸ ਮੌਕੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਰਾਜਪਾਲ ਨੇ ਇਸ ਪਵਿੱਤਰ ਸੇਵਾ ਵਿੱਚ ਸ਼ਾਮਿਲ ਹੋਣ ’ਤੇ ਧੰਨਵਾਦ ਪ੍ਰਗਟ ਕਰਦਿਆਂ ਇਸ ਦੀ ਤੁਲਨਾ ਆਪਣੇ ਘਰ ਦੀ ਸਫ਼ਾਈ ਨਾਲ ਕੀਤੀ। ਉਨ੍ਹਾਂ ਕਿਹਾ ਕਿ ਜਿਵੇਂ ਅਸੀਂ ਆਪਣੇ ਘਰਾਂ ਨੂੰ ਸਾਫ਼-ਸੁਥਰਾ ਰੱਖਦੇ ਹਾਂ, ਉਸੇ ਤਰ੍ਹਾਂ ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਅਸੀਂ ਪ੍ਰਮਾਤਮਾ ਦੇ ਘਰਾਂ ਨੂੰ ਵੀ ਇਸ ਕਾਰ ਸੇਵਾ ਰਾਹੀਂ ਸਾਫ਼ ਰੱਖੀਏ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਰਾਜਨੀਤਿਕ ਬੰਧਨਾਂ ਤੋਂ ਉਪਰ ਉਠ ਕੇ ਹਰ ਕੋਈ ਮਾਨਵਤਾ ਅਤੇ ਅਧਿਆਤਮਿਕ ਸੰਸਥਾਵਾਂ ਦੀ ਨਿਰਸਵਾਰਥ ਸੇਵਾ ਕਰਕੇ ਆਪਣੀ ਨੈਤਿਕ ਜਿੰਮੇਵਾਰੀ ਨਿਭਾਏ। ਉਨ੍ਹਾਂ ਕਿਹਾ ਕਿ ਅਜਿਹੇ ਪਵਿੱਤਰ ਅਸਥਾਨ ਸਾਨੂੰ ਸਭ ਨੂੰ ਆਪਣੇ ਫਰ਼ਜ ਪੂਰੇ ਉਤਸ਼ਾਹ ਨਾਲ ਨਿਭਾਉਣ ਲਈ ਤਾਕਤ ਅਤੇ ਅਸ਼ੀਰਵਾਦ ਪ੍ਰਦਾਨ ਕਰਦੇ ਹਨ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਲੋਕਾਂ ਨੂੰ ਆਪਣੀਆਂ ਸਭਿਆਚਾਰਕ ਜੜ੍ਹਾਂ ਨੂੰ ਮਜ਼ਬੂਤ ਕਰਨ ਲਈ ਆਪਣੇ ਬੱਚਿਆਂ ਨੂੰ ਇਸ ਪਵਿੱਤਰ ਸੇਵਾ ਵਿੱਚ ਸ਼ਾਮਿਲ ਹੋਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਇਸ ਤੋਂ ਪਹਿਲਾਂ ਪ੍ਰਧਾਨ ਸ਼ੀਤਲ ਵਿੱਜ ਵਲੋਂ ਵੱਖ-ਵੱਖ ਸ਼ਖਸੀਅਤਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਸ੍ਰੀ ਦੇਵੀ ਤਲਾਬ ਮੰਦਿਰ ਪ੍ਰਬੰਧਕ ਕਮੇਟੀ ਵਲੋਂ ਇਸ ਪਵਿੱਤਰ ਕਾਰਜ ਵਿੱਚ ਵੱਡਮੁੱਲਾ ਯੋਗਦਾਨ ਪਾਉਣ ਵਾਲੀਆਂ ਸਖਸ਼ੀਅਤਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਮੇਅਰ ਵਿਨੀਤ ਧੀਰ, ਸੀਨੀਅਰ ਆਪ ਆਗੂ ਨਿਤਿਨ ਕੋਹਲੀ, ਰਾਜਵਿੰਦਰ ਕੌਰ ਥਿਆੜਾ ਅਤੇ ਦਿਨੇਸ਼ ਢੱਲ ਵੀ ਹਾਜ਼ਰ ਸਨ। ------------
PUBLISHED BY LMI DAILY NEWS PUNJAB
My post content
