ਪੰਜਾਬ ਸਰਕਾਰ ਡਰੇਨਾਂ ਅਤੇ ਚਿੱਟੀ ਵੇਈਂ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਵਚਨਬੱਧ : ਸੰਤ ਸੀਚੇਵਾਲ ,,,,ਰਾਜ ਸਭਾ ਮੈਂਬਰ ਨੇ ਕਾਲਾ ਸੰਘਿਆ ਡਰੇਨ, ਜਮਸ਼ੇਰ ਡਰੇਨ ਤੇ ਚਿੱਟੀ ਵੇਈਂ ’ਚ ਗੰਦੇ ਪਾਣੀ ਦੀ ਨਿਕਾਸੀ ਰੋਕਣ ਲਈ ਸਖ਼ਤ ਹਦਾਇਤਾਂ ਕੀਤੀਆਂ ਜਾਰੀ ,,ਡਰੇਨਾਂ ਅਤੇ ਸ਼ਹਿਰ ਦੇ ਸੀਵਰੇਜ ਪਲਾਂਟਾਂ ਦਾ ਕੀਤਾ ਦੌਰਾ, ਨਿਗਰਾਨ ਕਮੇਟੀਆਂ ਦਾ ਗਠਨ ਕਰਨ ਦੇ ਦਿੱਤੇ ਨਿਰਦੇਸ਼

ਜਲੰਧਰ, 17 ਨਵੰਬਰ :(ਰਮੇਸ਼ ਗਾਬਾ) ਰਾਜ ਸਭਾ ਮੈਂਬਰ ਅਤੇ ਪ੍ਰਸਿੱਧ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਡਰੇਨਾਂ ਅਤੇ ਚਿੱਟੀ ਵੇਈਂ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਪੰਜਾਬ ਸਰਕਾਰ ਦੀ ਵਚਨਬੱਧਤਾ ਦੁਹਰਾਉਂਦਿਆਂ ਕਾਲਾ ਸੰਘਿਆ ਤੇ ਜਮਸ਼ੇਰ ਡਰੇਨ ਅਤੇ ਚਿੱਟੀ ਵੇਈਂ ਵਿੱਚ ਗੰਦੇ ਪਾਣੀ ਦੀ ਨਿਕਾਸੀ ਨੂੰ ਰੋਕਣ ਲਈ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ। ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਰਾਜ ਸਭਾ ਮੈਂਬਰ ਨੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ, ਕਮਿਸ਼ਨਰ ਨਗਰ ਨਿਗਮ ਜਲੰਧਰ ਸੰਦੀਪ ਰਿਸ਼ੀ ਸਮੇਤ ਡਰੇਨਾਂ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਅਤੇ ਸ਼ਹਿਰ ਵਿੱਚ ਐਸ.ਟੀ.ਪੀਜ਼ ਦੀ ਕਾਰਗੁਜ਼ਾਰੀ ਦੀ ਸਮੀਖਿਆ ਸਬੰਧੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸੀਵਰੇਜ ਟ੍ਰੀਟਮੈਂਟ ਪਲਾਂਟਾਂ ਦੇ ਸੌ ਫੀਸਦੀ ਸੰਚਾਲਨ ’ਤੇ ਜ਼ੋਰ ਦਿੱਤਾ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਸੀਵਰੇਜ ਟ੍ਰੀਟਮੈਂਟ ਪਲਾਂਟਾ ਦੇ ਸੰਚਾਲਨ ’ਤੇ ਨੇੜਿਓਂ ਨਜ਼ਰ ਰੱਖਣ ਲਈ ਨਿਯਮਿਤ ਚੈਕਿੰਗ ਯਕੀਨੀ ਬਣਾਈ ਜਾਵੇ ਅਤੇ ਟ੍ਰੀਟਮੈਂਟ ਪਲਾਂਟ ਨਾ ਚੱਲਣ ’ਤੇ ਸਬੰਧਤ ਅਧਿਕਾਰੀ ਦੀ ਜਵਾਬਦੇਹੀ ਤੈਅ ਕੀਤੀ ਜਾਵੇ। ਉਨ੍ਹਾਂ ਡਰੇਨਾਂ ਵਿੱਚ ਸੀਵਰੇਜ ਵੇਸਟ ਦੇ ਸਿੱਧੇ ਪ੍ਰਵਾਹ ਨੂੰ ਰੋਕਣ ਲਈ ਅਧਿਕਾਰੀਆਂ ਨੂੰ ਨਿਗਰਾਨ ਕਮੇਟੀਆਂ ਦਾ ਗਠਨ ਕਰਨ ਦੇ ਨਿਰਦੇਸ਼ ਵੀ ਦਿੱਤੇ। ਉਨ੍ਹਾਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੂੰ ਬਾਈਪਾਸ ਬੰਦ ਕਰਨ ਦੀਆਂ ਹਦਾਇਤਾਂ ਦਿੱਤੀਆਂ ਤਾਂ ਜੋ ਡਰੇਨ ਵਿੱਚ ਸਿਰਫ਼ ਸੋਧਿਆ ਪਾਣੀ ਜਾਣ ਨੂੰ ਯਕੀਨੀ ਬਣਾਇਆ ਜਾ ਸਕੇ। ਕਾਲਾ ਸੰਘਿਆ ਡਰੇਨ ਵਿੱਚ ਪਾਣੀ ਛੱਡਣ ਦੇ ਕੰਮ ਦਾ ਜਾਇਜ਼ਾ ਲੈਂਦਿਆਂ ਸੰਤ ਸੀਚੇਵਾਲ ਨੇ ਡਰੇਨੇਜ਼ ਵਿਭਾਗ ਅਤੇ ਨੈਸ਼ਨਲ ਹਾਈਵੇ ਅਥਾਰਟੀ ਦੇ ਅਧਿਕਾਰੀਆਂ ਨੂੰ ਡਰੇਨ ਦਾ ਸਾਂਝੇ ਤੌਰ ’ਤੇ ਦੌਰਾ ਕਰਨ ਲਈ ਕਿਹਾ ਤਾਂ ਜੋ ਇਸ ਵਿੱਚ ਆ ਰਹੀ ਤਕਨੀਕੀ ਰੁਕਾਵਟ ਨੂੰ ਜਲਦ ਤੋਂ ਜਲਦ ਦੂਰ ਕਰਕੇ 100 ਕਿਊਸਿਕ ਪਾਣੀ ਛੱਡਣ ਦਾ ਰਾਹ ਪੱਧਰਾ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਡਰੇਨ ਵਿੱਚ ਪੱਥਰ ਲੱਗਣ ਦੇ ਨਾਲ-ਨਾਲ ਪਾਣੀ ਛੱਡਣ ਲਈ ਚੈਨਲ ਦੇ ਨਿਰਮਾਣ ਦਾ ਕੰਮ ਮੁਕੰਮਲ ਹੋ ਚੁੱਕਾ ਹੈ। ਰਾਜ ਸਭਾ ਮੈਂਬਰ ਨੇ ਬਸਤੀ ਪੀਰਦਾਦ ਦੇ ਸੀਵਰੇਜ ਟ੍ਰੀਟਮੈਂਟ ਪਲਾਂਟ ਤੋਂ ਖੇਤੀ ਲਈ ਸੋਧਿਆ ਪਾਣੀ ਸਪਲਾਈ ਕਰਨ ਦੇ ਪ੍ਰਾਜੈਕਟ ਦਾ ਵੀ ਜਾਇਜ਼ਾ ਲਿਆ। ਅਧਿਕਾਰੀਆਂ ਨੇ ਜਾਣੂ ਕਰਵਾਇਆ ਕਿ ਇਸ ਸਬੰਧੀ ਪਾਈ ਗਈ ਪਾਈਪਲਾਈਨ ਦੀ ਟੈਸਟਿੰਗ ਦਾ ਕੰਮ ਚੱਲ ਰਿਹਾ ਹੈ। ਸੰਤ ਸੀਚੇਵਾਲ ਨੇ ਅਧਿਕਾਰੀਆਂ ਨੂੰ ਟੈਸਟਿੰਗ ਦੇ ਕੰਮ ਵਿੱਚ ਤੇਜ਼ੀ ਲਿਆਉਂਦਿਆਂ ਇਸ ਨੂੰ 15 ਦਿਨਾਂ ਵਿੱਚ ਮੁਕੰਮਲ ਕਰਕੇ ਖੇਤਾਂ ਤੱਕ ਸੋਧਿਆ ਪਾਣੀ ਪੁੱਜਦਾ ਕਰਨ ਦੀਆਂ ਹਦਾਇਤਾਂ ਕੀਤੀਆਂ। ਰਾਜ ਸਭਾ ਮੈਂਬਰ ਨੇ ਮੀਟਿੰਗ ਦੌਰਾਨ ਵਰਿਆਣਾ ਬਾਇਓ ਰੈਮੇਡੀਏਸ਼ਨ ਪ੍ਰਾਜੈਕਟ ਦੀ ਪ੍ਰਗਤੀ ਅਤੇ ਜਮਸ਼ੇਰ ਵਿਖੇ ਬਾਇਓ ਗੈਸ ਪਲਾਂਟ ਸਬੰਧੀ ਚੱਲ ਰਹੀ ਪ੍ਰਕਿਰਿਆ ਦਾ ਵੀ ਜਾਇਜ਼ਾ ਲਿਆ। ਉਨ੍ਹਾਂ ਨਗਰ ਨਿਗਮ ਜਲੰਧਰ ਨੂੰ ਕਿਹਾ ਕਿ ਦਿਸ਼ਾ-ਨਿਰਦੇਸ਼ ਅਨੁਸਾਰ ਪਾਣੀ ਦੀ ਸਪਲਾਈ ਯਕੀਨੀ ਬਣਾਈ ਜਾਵੇ । ਇਸ ਤੋਂ ਇਲਾਵਾ ਉਨ੍ਹਾਂ ਅਧਿਕਾਰੀਆਂ ਨੂੰ ਜਮਸ਼ੇਰ ਅਤੇ ਬੰਬੀਆਂ ਵਾਲਾ ਸਥਿਤ ਟ੍ਰੀਟਮੈਂਟ ਪਲਾਂਟਾ ਦਾ ਸੋਧਿਆ ਪਾਣੀ ਵੀ ਖੇਤੀ ਲਈ ਸਪਲਾਈ ਕਰਨ ਲਈ ਸੰਭਾਵਨਾਵਾਂ ਤਲਾਸ਼ਣ ਦੇ ਨਿਰਦੇਸ਼ ਦਿੱਤੇ। ਇਸ ਤੋਂ ਪਹਿਲਾਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਨਗਰ ਨਿਗਮ ਜਲੰਧਰ ਦੇ ਕਮਿਸ਼ਨਰ ਸੰਦੀਪ ਰਿਸ਼ੀ, ਆਪ ਆਗੂ ਰਾਜਵਿੰਦਰ ਕੌਰ ਥਿਆੜਾ ਅਤੇ ਹੋਰ ਅਧਿਕਾਰੀਆਂ ਨਾਲ ਫੋਲੜੀਵਾਲ ਅਤੇ ਜਮਸ਼ੇਰ ਸਥਿਤ ਟ੍ਰੀਟਮੈਂਟ ਪਲਾਂਟਾ ਦਾ ਦੌਰਾ ਕਰਦਿਆਂ ਇਨ੍ਹਾਂ ਦੀ ਕਾਰਗੁਜ਼ਾਰੀ ਦਾ ਜਾਇਜ਼ਾ ਲਿਆ ਅਤੇ ਅਧਿਕਾਰੀਆਂ ਨੂੰ ਮੌਕੇ ’ਤੇ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ। ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਪੁਲਿਸ ਨਰੇਸ਼ ਡੋਗਰਾ, ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਜਸਬੀਰ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਨਵਦੀਪ ਕੌਰ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।

PUBLISHED BY LMI DAILY NEWS PUNJAB

Ramesh Gaba

11/17/20251 min read

black blue and yellow textile
black blue and yellow textile

My post content