ਸ਼੍ਰੀ ਹਰਗੋਬਿੰਦਪੁਰ ਦੇ ਪਿੰਡ ਭਾਮੜੀ ’ਚ ਐਨ.ਆਈ.ਏ. ਦੀ ਛਾਪੇਮਾਰੀ, 3 ਗ੍ਰਨੇਡ ਤੇ 3 ਡੈਟੋਨੇਟਰ ਬਰਾਮਦ
ਸ਼੍ਰੀ ਹਰਗੋਬਿੰਦਪੁਰ ਸਾਹਿਬ 10 ਸਿਤੰਬਰ 2025 (ਜਸਪਾਲ ਚੰਦਨ) — ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਭਾਮੜੀ ਵਿੱਚ ਅੱਜ ਸਵੇਰੇ ਐਨ.ਆਈ.ਏ. ਦੀ ਟੀਮ ਵੱਲੋਂ ਛਾਪੇਮਾਰੀ ਕੀਤੀ ਗਈ। ਭਰੋਸੇਯੋਗ ਸੂਤਰਾਂ ਅਨੁਸਾਰ ਕੁਝ ਦਿਨ ਪਹਿਲਾਂ ਐਨ.ਆਈ.ਏ. ਨੇ ਪਿੰਡ ਭੈਣੀ ਬਾਂਗਰ ਦੇ ਰਹਿਣ ਵਾਲੇ ਸੰਨੀ ਨੂੰ ਇੱਕ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ। ਉਸ ਦੀ ਨਿਸ਼ਾਨਦੇਹੀ ’ਤੇ ਹੀ ਅੱਜ ਇਹ ਰੇਡ ਕੀਤੀ ਗਈ। ਗ੍ਰਿਫ਼ਤਾਰ ਵਿਅਕਤੀ ਨੇ ਸ਼੍ਰੀ ਗੁਰੂ ਅਰਜਨ ਦੇਵ ਪਬਲਿਕ ਸਕੂਲ, ਜੋ ਪਿਛਲੇ ਕਈ ਸਾਲਾਂ ਤੋਂ ਬੰਦ ਪਿਆ ਹੈ, ਦੀ ਬਾਹਰੀ ਕੰਧ ਦੇ ਨੇੜੇ ਛੱਪੜ ਕਿਨਾਰੇ ਇੱਕ ਜਗ੍ਹਾ ਦੱਸ ਕੇ ਸੂਚਨਾ ਦਿੱਤੀ ਸੀ। ਇਸ ਸੂਚਨਾ ਮੁਤਾਬਕ ਮੌਕੇ ’ਤੇ ਜ਼ਮੀਨ ਵਿੱਚੋਂ ਇੱਕ ਪਲਾਸਟਿਕ ਬਾਲਟੀ ਦੱਬੀ ਹੋਈ ਬਰਾਮਦ ਹੋਈ। ਵਿਸਫੋਟਕ ਸਮੱਗਰੀ ਹੋਣ ਦੀ ਸ਼ੰਕਾ ਦੇ ਚਲਦੇ ਤੁਰੰਤ ਹੀ ਬੰਬ ਨਿਰੋਧਕ ਟੀਮ, ਫਾਇਰ ਬ੍ਰਿਗੇਡ ਅਤੇ ਮੈਡੀਕਲ ਟੀਮਾਂ ਨੂੰ ਬੁਲਾਇਆ ਗਿਆ। ਕੋਈ ਅਣਚਾਹੀ ਘਟਨਾ ਨਾ ਵਾਪਰੇ, ਇਸ ਲਈ ਪੁਲਿਸ ਵੱਲੋਂ ਇਲਾਕੇ ਨੂੰ 200 ਮੀਟਰ ਦੇ ਘੇਰੇ ਵਿੱਚ ਸੀਲ ਕਰ ਦਿੱਤਾ ਗਿਆ। ਭਾਰੀ ਜਾਂਚ ਤੋਂ ਬਾਅਦ ਦੁਪਹਿਰ ਸਮੇਂ ਬਾਲਟੀ ਵਿੱਚੋਂ ਤਿੰਨ ਹੈਂਡ ਗ੍ਰਨੇਡ ਅਤੇ ਤਿੰਨ ਡੈਟੋਨੇਟਰ ਬਰਾਮਦ ਕੀਤੇ ਗਏ। ਐਨ.ਆਈ.ਏ. ਦੀ ਟੀਮ ਨੇ ਮੀਡੀਆ ਤੋਂ ਪੂਰੀ ਦੂਰੀ ਬਣਾਈ ਰੱਖੀ ਅਤੇ ਕਿਸੇ ਵੀ ਤਰ੍ਹਾਂ ਦੀ ਅਧਿਕਾਰਕ ਜਾਣਕਾਰੀ ਸਾਂਝੀ ਕਰਨ ਤੋਂ ਇਨਕਾਰ ਕਰ ਦਿੱਤਾ।
PUBLISHED BY LMI DAILY NEWS PUNJAB
My post content
