ਨੈਸ਼ਨਲ ਹਾਈਵੇ ’ਤੇ ਸੇਬਾਂ ਨਾਲ ਲੱਦਿਆ ਕੈਂਟਰ ਪਲਟਿਆ, ਡੇਢ ਘੰਟੇ ਤੱਕ ਲੱਗਾ ਜਾਮ ਨਹੀਂ ਪੁੱਜੀ ਸੜਕ ਸੁਰੱਖਿਆ ਫੋਰਸ ਦੀ ਟੀਮ, ਡੇਢ ਘੰਟੇ ਬਾਅਦ ਮੌਕੇ ’ਤੇ ਆਈ ਪੁਲਿਸ
ਜਲੰਧਰ, 21 ਨਵੰਬਰ (ਰਮੇਸ਼ ਗਾਬਾ) ਇੱਥੋਂ ਨੇੜੇ ਨੈਸ਼ਨਲ ਹਾਈਵੇ ’ਤੇ ਸ਼ੁੱਕਰਵਾਰ ਸਵੇਰੇ ਸ੍ਰੀਨਗਰ ਤੋਂ ਹਰਿਆਣਾ ਜਾ ਰਿਹਾ ਸੇਬਾਂ ਨਾਲ ਲੱਦਿਆ ਕੈਂਟਰ ਟਾਇਰ ਪਾਟਣ ਨਾਲ ਪਲਟ ਗਿਆ। ਇਸ ਕਾਰਨ ਭਾਰੀ ਜਾਮ ਲੱਗ ਗਿਆ ਪਰ ਡੇਢ ਘੰਟੇ ਤੱਕ ਸੜਕ ਸੁਰੱਖਿਆ ਫੋਰਸ ਜਾਂ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਵੀ ਮੁਲਾਜ਼ਮ ਮੌਕੇ ’ਤੇ ਨਹੀਂ ਪੁੱਜਾ। ਕੈਂਟਰ ਦੇ ਡਰਾਈਵਰ ਨੇ ਦੱਸਿਆ ਜਦੋਂ ਉਹ ਗੁਰਾਇਆ ਪੁਲਿਸ ਸਟੇਸ਼ਨ ਦਾ ਪੁਲ ਉੱਤਰ ਰਿਹਾ ਸੀ ਤਾਂ ਅਚਾਨਕ ਗੱਡੀ ਦਾ ਟਾਇਰ ਫਟ ਗਿਆ ਤੇ ਕੈਂਟਰ ਪਲਟ ਗਿਆ। ਕਾਫੀ ਦੇਰ ਤੱਕ ਜਦੋਂ ਪੁਲਿਸ ਜਾਂ ਸੜਕ ਸੁਰੱਖਿਆ ਫੋਰਸ ਦੀ ਟੀਮ ਨਹੀਂ ਪੁੱਜੀ ਤਾਂ ਰਾਹਗੀਰਾਂ ਨੇ ਕੈਂਟਰ ਚਾਲਕ ਦੀ ਮਦਦ ਕੀਤੀ। ਇਸ ਹਾਦਸੇ ’ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਰਾਹਗੀਰਾਂ ਨੇ ਮਦਦ ਕਰਦਿਆਂ ਕਿਸੇ ਨੂੰ ਸੇਬਾਂ ਦੀਆਂ ਪੇਟੀਆਂ ਚੁੱਕਣ ਨਹੀਂ ਦਿੱਤੀਆਂ। ਡਰਾਈਵਰ ਨੇ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਸੂਬਾ ਸਰਕਾਰ ਵੱਲੋਂ ਇੰਨੀਆਂ ਮਹਿੰਗੀਆ ਗੱਡੀਆਂ ਤੇ ਸੜਕ ਸੁਰੱਖਿਆ ਫੋਰਸ ਦੀ ਸ਼ੁਰੂਆਤ ਇਸੇ ਕੰਮ ਲਈ ਕੀਤੀ ਸੀ ਜੇਕਰ ਕੋਈ ਸੜਕ ’ਤੇ ਹਾਦਸਾ ਵਾਪਰਦਾ ਹੈ ਤਾਂ ਉਸ ਨੂੰ ਮੁਢਲੀ ਸਹਾਇਤਾ ਦਿੱਤੀ ਜਾ ਸਕੇ ਪਰ ਡੇਢ ਘੰਟੇ ਤੱਕ ਕੋਈ ਵੀ ਮੁਲਾਜ਼ਮ ਮੌਕੇ ’ਤੇ ਨਹੀਂ ਆਇਆ। ਇਸ ਸਬੰਧੀ ਸੜਕ ਸੁਰੱਖਿਆ ਫੋਰਸ ਦੀ ਗੱਡੀ ’ਤੇ ਡਿਊਟੀ ’ਤੇ ਤਾਇਨਾਤ ਏਐੱਸਆਈ ਸਰਬਜੀਤ ਸਿੰਘ ਨੂੰ ਦੇਰੀ ਨਾਲ ਆਉਣ ਬਾਰੇ ਪੁੱਛਿਆ ਤਾਂ ਹਾਦਸੇ ਬਾਰੇ ਜਾਣਕਾਰੀ ਨਹੀਂ ਮਿਲੀ, ਜਿਸ ਕਾਰਨ ਉਹ ਦੇਰੀ ਨਾਲ ਆਏ ਹਨ।
PUBLISHED BY LMI DAILY NEWS PUNJAB
My post content
