ਜ਼ਿਲ੍ਹਾ ਪ੍ਰੀਸ਼ਦ ਚੋਣਾਂ; ਜਲੰਧਰ ਜ਼ਿਲ੍ਹੇ ’ਚ ਜ਼ਿਲ੍ਹਾ ਪ੍ਰੀਸ਼ਦ ਦੇ 21 ਜ਼ੋਨਾਂ ਅਤੇ 11 ਪੰਚਾਇਤ ਸੰਮਤੀਆਂ ਦੇ 188 ਜ਼ੋਨਾਂ ਦੀਆਂ ਹੋਣਗੀਆਂ ਚੋਣਾਂ : ਜ਼ਿਲ੍ਹਾ ਚੋਣ ਅਫ਼ਸਰ* - 4 ਦਸੰਬਰ ਤੱਕ ਦਾਖਲ ਕੀਤੀਆਂ ਜਾ ਸਕਦੀਆਂ ਨੇ ਨਾਮਜ਼ਦਗੀਆਂ, ਪੜਤਾਲ 5 ਦਸੰਬਰ ਨੂੰ, ਨਾਮਜ਼ਦਗੀ ਪੱਤਰ ਵਾਪਸ ਲੈਣ ਦੀ ਆਖਰੀ ਮਿਤੀ 6 ਦਸੰਬਰ,, - 14 ਦਸੰਬਰ ਨੂੰ ਪੈਣਗੀਆਂ ਵੋਟਾਂ, ਗਿਣਤੀ 17 ਦਸੰਬਰ ਨੂੰ,,
ਜਲੰਧਰ, 1 ਦਸੰਬਰ (ਰਮੇਸ਼ ਗਾਬਾ) : ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਰਾਜ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੇ ਮੈਂਬਰਾਂ ਦੀਆਂ ਆਮ ਚੋਣਾਂ ਲਈ ਘੋਸ਼ਣਾ ਕਰ ਦਿੱਤੀ ਗਈ ਹੈ। ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਜ ਚੋਣ ਕਮਿਸ਼ਨ ਵੱਲੋਂ ਜਾਰੀ ਪ੍ਰੋਗਰਾਮ ਅਨੁਸਾਰ 14 ਦਸੰਬਰ ਨੂੰ ਜ਼ਿਲ੍ਹਾ ਜਲੰਧਰ ਵਿੱਚ ਜ਼ਿਲ੍ਹਾ ਪ੍ਰੀਸ਼ਦ ਦੇ 21 ਜ਼ੋਨਾਂ ਅਤੇ 11 ਪੰਚਾਇਤ ਸੰਮਤੀਆਂ ਦੇ 188 ਜ਼ੋਨਾਂ ਦੀਆਂ ਚੋਣਾਂ ਕਰਵਾਈਆਂ ਜਾਣਗੀਆਂ। ਡਾ. ਅਗਰਵਾਲ ਨੇ ਦੱਸਿਆ ਕਿ ਇਹ ਚੋਣਾਂ ਬੈਲਟ ਪੇਪਰ ਰਾਹੀਂ ਕਰਵਾਈਆਂ ਜਾਣਗੀਆਂ ਅਤੇ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀਆਂ ਦੀ ਚੋਣ ਵਿੱਚ 50 ਫੀਸਦੀ ਸੀਟਾਂ ਔਰਤਾਂ ਲਈ ਰਾਖਵੀਆਂ ਹੋਣਗੀਆਂ। ਉਨ੍ਹਾਂ ਦੱਸਿਆ ਕਿ ਚੋਣ ਸ਼ਡਿਊਲ ਅਨੁਸਾਰ ਇਨ੍ਹਾਂ ਚੋਣਾਂ ਲਈ ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਮਿਤੀ 1 ਦਸੰਬਰ 2025 ਤੋਂ 4 ਦਸੰਬਰ 2025 ਤੱਕ ਹੈ। ਇਸ ਦੌਰਾਨ ਨਾਮਜ਼ਦਗੀਆਂ ਸਵੇਰੇ 11 ਤੋਂ ਸ਼ਾਮ 3 ਵਜੇ ਤੱਕ ਇਸ ਕੰਮ ਲਈ ਨਾਮਜ਼ਦ ਕੀਤੇ ਸਬੰਧਤ ਰਿਟਰਨਿੰਗ ਅਫ਼ਸਰਾਂ ਦੇ ਦਫ਼ਤਰਾਂ ਵਿੱਚ ਲਈਆਂ ਜਾਣਗੀਆਂ। ਨਾਮਜ਼ਦਗੀ ਪੱਤਰਾਂ ਦੀ ਪੜਤਾਲ 5 ਦਸੰਬਰ 2025 ਨੂੰ ਹੋਵੇਗੀ। ਨਾਮਜ਼ਦਗੀਆਂ 6 ਦਸੰਬਰ 2025 ਸ਼ਾਮ 3 ਵਜੇ ਤੱਕ ਵਾਪਿਸ ਲਈਆਂ ਜਾ ਸਕਦੀਆਂ ਹਨ। ਉਨ੍ਹਾਂ ਅੱਗੇ ਦੱਸਿਆ ਕਿ ਵੋਟਾਂ 14 ਦਸੰਬਰ 2025 ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਬੈਲਟ ਪੇਪਰਾਂ ਦੀ ਵਰਤੋਂ ਨਾਲ ਪੈਣਗੀਆਂ। ਪੋਲ ਹੋਈਆਂ ਵੋਟਾਂ ਦੀ ਗਿਣਤੀ 17 ਦਸੰਬਰ 2025 ਨੂੰ ਸਵੇਰੇ 8 ਵਜੇ ਤੋਂ ਹੋਵੇਗੀ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਜਲੰਧਰ ਦੇ 21 ਜ਼ੋਨ ਹਨ ਜਦਕਿ ਪੰਚਾਇਤ ਸੰਮਤੀ ਜਲੰਧਰ ਪੂਰਬੀ ਦੇ 15, ਪੰਚਾਇਤ ਸੰਮਤੀ ਆਦਮਪੁਰ ਦੇ 25, ਪੰਚਾਇਤ ਸੰਮਤੀ ਭੋਗਪੁਰ ਦੇ 15, ਪੰਚਾਇਤ ਸੰਮਤੀ ਜਲੰਧਰ ਪੱਛਮੀ ਦੇ 19, ਪੰਚਾਇਤ ਸੰਮਤੀ ਲੋਹੀਆਂ ਖਾਸ ਦੇ 15, ਪੰਚਾਇਤ ਸੰਮਤੀ ਮਹਿਤਪੁਰ ਦੇ 15, ਪੰਚਾਇਤ ਸੰਮਤੀ ਨੂਰਮਹਿਲ ਦੇ 15, ਪੰਚਾਇਤ ਸੰਮਤੀ ਫਿਲੌਰ ਦੇ 20, ਪੰਚਾਇਤ ਸੰਮਤੀ ਸ਼ਾਹਕੋਟ ਦੇ 15, ਪੰਚਾਇਤ ਸੰਮਤੀ ਰੁੜਕਾ ਕਲਾਂ ਦੇ 15 ਅਤੇ ਪੰਚਾਇਤ ਸੰਮਤੀ ਨਕੋਦਰ ਦੇ 19 ਜ਼ੋਨ ਹਨ। ਡਾ. ਅਗਰਵਾਲ ਨੇ ਦੱਸਿਆ ਕਿ ਰਾਜ ਚੋਣ ਕਮਿਸ਼ਨ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰ ਲਈ 2,55,000 ਰੁਪਏ ਅਤੇ ਪੰਚਾਇਤ ਸੰਮਤੀ ਦੇ ਉਮੀਦਵਾਰ ਲਈ 1,10,000 ਰੁਪਏ ਚੋਣ ਖਰਚੇ ਦੀ ਹੱਦ ਨੋਟੀਫਾਈ ਕੀਤੀ ਗਈ ਹੈ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਚੋਣਾਂ ਦਾ ਇਹ ਪ੍ਰੋਗਰਾਮ ਐਲਾਨਣ ਨਾਲ ਸਾਰੀਆਂ ਗ੍ਰਾਮ ਪੰਚਾਇਤਾਂ, ਜੋ ਕਿ ਸਬੰਧਤ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀਆਂ ਦੇ ਅਧੀਨ ਆਉਂਦੀਆ ਹਨ, ਦੇ ਰੈਵੀਨਿਊ ਖੇਤਰ ਵਿੱਚ ਆਦਰਸ਼ ਚੋਣ ਜਾਬਤਾ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਿਆ ਹੈ, ਜੋ ਕਿ ਚੋਣ ਪ੍ਰਕਿਰਿਆ ਖ਼ਤਮ ਹੋਣ ਤੱਕ ਲਾਗੂ ਰਹੇਗਾ। -----
PUBLISHED BY LMI DAILY NEWS PUNJAB
My post content
