ਜਲੰਧਰ: ਪਾਰਸ ਅਸਟੇਟ ਕਤਲ ਕੇਸ - ਅਦਾਲਤ ਨੇ ਦੋ ਦਿਨ ਦਾ ਹੋਰ ਪੁਲਿਸ ਰਿਮਾਂਡ ਵਧਾਇਆ
ਜਲੰਧਰ, 3 ਦਸੰਬਰ (ਰਮੇਸ਼ ਗਾਬਾ) ਵੈਸਟ ਹਲਕੇ ਦੀ ਪਾਰਸ ਅਸਟੇਟ ਵਿੱਚ 13 ਸਾਲ ਦੀ ਬੱਚੀ ਦੇ ਕਤਲ ਦੇ ਮੁਲਜ਼ਮ ਹਰਮਿੰਦਰ ਸਿੰਘ ਉਰਫ਼ ਰਿੰਪੀ ਦਾ 9 ਦਿਨਾਂ ਦਾ ਪੁਲਿਸ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਉਸਨੂੰ ਅੱਜ ਸਖ਼ਤ ਸੁਰੱਖਿਆ ਹੇਠ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਪੁਲਿਸ ਨੇ ਅਦਾਲਤ ਤੋਂ ਮੁਲਜ਼ਮ ਦਾ ਰਿਮਾਂਡ ਵਧਾਉਣ ਦੀ ਅਪੀਲ ਕੀਤੀ। ਪੇਸ਼ ਕੀਤੇ ਗਏ ਸਬੂਤਾਂ ਦੇ ਆਧਾਰ 'ਤੇ, ਅਦਾਲਤ ਨੇ ਮੁਲਜ਼ਮ ਦਾ ਪੁਲਿਸ ਰਿਮਾਂਡ ਦੋ ਦਿਨਾਂ ਲਈ ਹੋਰ ਵਧਾ ਦਿੱਤਾ ਹੈ। ਰਿਮਾਂਡ ਦੌਰਾਨ, ਜਾਂਚ ਟੀਮ ਨੇ ਰਿੰਪੀ ਤੋਂ ਲੰਬੀ ਪੁੱਛਗਿੱਛ ਕੀਤੀ ਅਤੇ ਉਸਨੂੰ ਘਟਨਾ ਸਥਾਨ 'ਤੇ ਵੀ ਲੈ ਕੇ ਗਈ, ਜਿੱਥੇ ਮੁਲਜ਼ਮ ਨੇ ਬੱਚੀ ਦੀ ਹੱਤਿਆ ਕਰਨ ਤੋਂ ਲੈ ਕੇ ਲਾਸ਼ ਨੂੰ ਬਾਥਰੂਮ ਵਿੱਚ ਲੁਕਾਉਣ ਤੱਕ ਦੀ ਪੂਰੀ ਘਟਨਾ ਦਾ ਖੁਲਾਸਾ ਕੀਤਾ। ਪੁਲਿਸ ਨੂੰ ਜਾਂਚ ਦੌਰਾਨ ਕਈ ਅਹਿਮ ਸਬੂਤ ਮਿਲੇ ਹਨ, ਜਿਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। 13 ਸਾਲਾ ਬੱਚੀ 23 ਸਤੰਬਰ ਨੂੰ ਪਾਰਸ ਅਸਟੇਟ ਤੋਂ ਸ਼ੱਕੀ ਹਾਲਾਤਾਂ ਵਿੱਚ ਲਾਪਤਾ ਹੋ ਗਈ ਸੀ। ਬੱਚੀ ਦੀ ਮਾਂ ਨੇ ਗੁਆਂਢ ਵਿੱਚ ਰਹਿਣ ਵਾਲੇ ਅਤੇ ਐਮਜੀਐਨ ਸਕੂਲ ਬੱਸ ਦੇ ਡਰਾਈਵਰ ਰਿੰਪੀ 'ਤੇ ਸ਼ੱਕ ਜ਼ਾਹਰ ਕੀਤਾ ਸੀ ਘਟਨਾ ਵਾਲੇ ਦਿਨ ਸ਼ਿਕਾਇਤ ਮਿਲਣ 'ਤੇ ਏਐਸਆਈ ਮੰਗਤ ਰਾਮ ਅਤੇ ਪੀਸੀਆਰ ਦੇ ਦੋ ਹੋਰ ਏਐਸਆਈ ਮੌਕੇ 'ਤੇ ਪਹੁੰਚੇ ਸਨ। ਏਐਸਆਈ ਮੰਗਤ ਰਾਮ ਨੇ ਮੁਲਜ਼ਮ ਰਿੰਪੀ ਦੇ ਘਰ ਦੀ ਜਾਂਚ ਕੀਤੀ, ਪਰ ਇਹ ਕਹਿ ਕੇ ਵਾਪਸ ਆ ਗਏ ਕਿ ਬੱਚੀ ਉੱਥੇ ਨਹੀਂ ਹੈ। ਰਾਤ ਨੂੰ ਸੀਸੀਟੀਵੀ ਫੁਟੇਜ ਤੋਂ ਪਤਾ ਲੱਗਾ ਕਿ ਬੱਚੀ ਆਖ਼ਰੀ ਵਾਰ ਰਿੰਪੀ ਦੇ ਘਰ ਜਾਂਦੀ ਦਿਖਾਈ ਦਿੱਤੀ ਸੀ। ਇਸ ਤੋਂ ਬਾਅਦ ਸਥਾਨਕ ਲੋਕਾਂ ਵਿੱਚ ਭਾਰੀ ਗੁੱਸਾ ਭੜਕ ਉੱਠਿਆ ਅਤੇ ਜਦੋਂ ਰਿੰਪੀ ਦੇ ਘਰ ਦਾ ਬਾਥਰੂਮ ਖੋਲ੍ਹਿਆ ਗਿਆ ਤਾਂ ਬੱਚੀ ਦੀ ਲਾਸ਼ ਬਰਾਮਦ ਹੋਈ। ਪੁਲਿਸ ਨੇ ਮਾਮਲੇ ਵਿੱਚ ਲਾਪਰਵਾਹੀ ਵਰਤਣ ਵਾਲੇ ਏਐਸਆਈ ਮੰਗਤ ਰਾਮ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਹੈ, ਜਦਕਿ ਪੀਸੀਆਰ ਦੇ ਦੋਵੇਂ ਏਐਸਆਈ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
PUBLISHED BY LMI DAILY NEWS PUNJAB
My post content
