ਮੇਨ ਬਾਜ਼ਾਰ ਬਸਤੀ ਦਾਨਿਸ਼ਮੰਦਾ ਕੂੜੇ ਦੇ ਢੇਰਾਂ ਕਾਰਨ ਲੋਕਾਂ ਦਾ ਲੰਘਣਾ ਹੋਇਆ ਮੁਸ਼ਕਲ, ਦੁਕਾਨਦਾਰਾਂ ਨੇ ਨਗਰ ਨਿਗਮ 'ਤੇ ਲਾਏ ਲਾਪਰਵਾਹੀ ਦੋਸ਼
ਜਲੰਧਰ, 5 ਦਸੰਬਰ (ਰਮੇਸ਼ ਗਾਬਾ) ਜਲੰਧਰ ਸ਼ਹਿਰ ਦੇ ਪ੍ਰਮੁੱਖ ਇਲਾਕੇ ਮੇਨ ਬਾਜ਼ਾਰ ਬਸਤੀ ਦਾਨਿਸ਼ਮੰਦਾ ਵਿੱਚ ਕੂੜੇ ਦਏ ਲੱਗੇ ਭਾਰੀ ਢੇਰਾਂ ਨੇ ਇਲਾਕਾ ਨਿਵਾਸੀਆਂ ਅਤੇ ਰਾਹਗੀਰਾਂ ਦਾ ਜੀਵਨ ਦੁੱਭਰ ਕਰ ਦਿੱਤਾ ਹੈ। ਬਾਜ਼ਾਰ ਦੇ ਐਨ ਵਿਚਕਾਰ ਜਮ੍ਹਾਂ ਹੋਏ ਇਸ ਕੂੜੇ ਕਾਰਨ ਜਿੱਥੇ ਭਿਆਨਕ ਬਦਬੂ ਫੈਲ ਰਹੀ ਹੈ, ਉੱਥੇ ਹੀ ਸਫ਼ਾਈ ਵਿਵਸਥਾ ਦੀ ਪੋਲ ਵੀ ਖੁੱਲ੍ਹ ਗਈ ਹੈ। ਸਥਾਨਕ ਦੁਕਾਨਦਾਰਾਂ ਅਤੇ ਵਸਨੀਕਾਂ ਅਨੁਸਾਰ, ਨਗਰ ਨਿਗਮ ਜਲੰਧਰ ਦੇ ਸਫ਼ਾਈ ਕਰਮਚਾਰੀ ਪਿਛਲੇ ਕਈ ਦਿਨਾਂ ਤੋਂ ਇੱਥੇ ਸਫ਼ਾਈ ਕਰਨ ਨਹੀਂ ਪਹੁੰਚੇ। ਨਤੀਜੇ ਵਜੋਂ, ਕੂੜਾ ਸੜਕ ਤੱਕ ਫੈਲ ਗਿਆ ਹੈ, ਜਿਸ ਕਾਰਨ ਆਵਾਜਾਈ ਵਿੱਚ ਰੁਕਾਵਟ ਪੈਦਾ ਹੋ ਰਹੀ ਹੈ ਅਤੇ ਪੈਦਲ ਚੱਲਣ ਵਾਲਿਆਂ ਦਾ ਲੰਘਣਾ ਵੀ ਮੁਸ਼ਕਲ ਹੋ ਗਿਆ ਹੈ। ਇਸ ਗੰਦਗੀ ਕਾਰਨ ਬੀਮਾਰੀਆਂ ਫੈਲਣ ਦਾ ਖ਼ਤਰਾ ਵੀ ਮੰਡਰਾ ਰਿਹਾ ਹੈ। ਇਲਾਕਾ ਨਿਵਾਸੀਆਂ ਨੇ ਦੋਸ਼ ਲਾਇਆ ਹੈ ਕਿ ਨਗਰ ਨਿਗਮ ਦੇ ਸਬੰਧਤ ਅਧਿਕਾਰੀ "ਕੁੰਭਕਰਨ ਦੀ ਨੀਂਦ" ਸੁੱਤੇ ਪਏ ਹਨ ਅਤੇ ਉਨ੍ਹਾਂ ਵੱਲੋਂ ਵਾਰ-ਵਾਰ ਸ਼ਿਕਾਇਤਾਂ ਕਰਨ ਦੇ ਬਾਵਜੂਦ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਤੁਰੰਤ ਇਸ ਮਾਮਲੇ ਵਿੱਚ ਦਖਲ ਦੇਣ ਅਤੇ ਕੂੜੇ ਦੇ ਢੇਰਾਂ ਨੂੰ ਚੁਕਵਾ ਕੇ ਸਫ਼ਾਈ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ, ਤਾਂ ਜੋ ਲੋਕਾਂ ਨੂੰ ਇਸ ਮੁਸ਼ਕਲ ਤੋਂ ਨਿਜਾਤ ਮਿਲ ਸਕੇ।ਇਸ ਮੌਕੇ ਤੇ ਅਸ਼ਵਨੀ ਜੰਗਰਾਲ,ਸਰੂਜ ਪ੍ਰਕਾਸ਼, ਕਮਲਜੀਤ ਪਵਾਰ, ਬਿੱਟੂ , ਪੱਪੂ, ਇੰਦਰ ਪਾਲ, ਆਦਿ ਮੌਜੂਦ ਸਨ।
PUBLISHED BY LMI DAILY NEWS PUNJAB
My post content
