ਡਿਪਟੀ ਕਮਿਸ਼ਨਰ ਨੇ ਹਾਈਵੇ ਪ੍ਰਾਜੈਕਟਾਂ ਦੀ ਪ੍ਰਗਤੀ ਦਾ ਲਿਆ ਜਾਇਜ਼ਾ,, ਐਕਵਾਇਰ ਕੀਤੀ ਜ਼ਮੀਨ ਦੇ ਪੈਂਡਿੰਗ ਇੰਤਕਾਲਾਂ ਦੇ ਜਲਦ ਨਿਪਟਾਰੇ 'ਤੇ ਦਿੱਤਾ ਜ਼ੋਰ,, ਅਧਿਕਾਰੀਆਂ ਨੂੰ ਜਲੰਧਰ-ਫਗਵਾੜਾ ਹਾਈਵੇ 'ਤੇ ਸਟ੍ਰੀਟ ਲਾਈਟਾਂ ਤੇ ਸਾਫ-ਸਫਾਈ ਯਕੀਨੀ ਬਣਾਉਣ ਲਈ ਵੀ ਕਿਹਾ,,

ਜਲੰਧਰ, 6 ਦਸੰਬਰ :(ਰਮੇਸ਼ ਗਾਬਾ) ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਅੱਜ ਜਲੰਧਰ ਜ਼ਿਲ੍ਹੇ ਵਿੱਚ ਚੱਲ ਰਹੇ ਪ੍ਰਮੁੱਖ ਹਾਈਵੇ ਪ੍ਰਾਜੈਕਟਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ, ਜਿਨ੍ਹਾਂ ਵਿੱਚ ਦਿੱਲੀ-ਕਟੜਾ ਐਕਸਪ੍ਰੈਸਵੇਅ, ਅੰਮ੍ਰਿਤਸਰ-ਬਠਿੰਡਾ ਪ੍ਰਾਜੈਕਟ ਅਤੇ ਫਗਵਾੜਾ-ਹੁਸ਼ਿਆਰਪੁਰ ਹਾਈਵੇ ਆਦਿ ਸ਼ਾਮਲ ਹਨ। ਇਨ੍ਹਾਂ ਪ੍ਰਾਜੈਕਟਾਂ ਦੀ ਮੌਜੂਦਾ ਸਥਿਤੀ ਦਾ ਜਾਇਜ਼ਾ ਲੈਂਦਿਆਂ ਡਾ. ਅਗਰਵਾਲ ਨੇ ਪਹਿਲਾਂ ਹੀ ਐਕਵਾਇਰ ਕੀਤੀ ਗਈ ਜ਼ਮੀਨ ਲਈ ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ (ਐਨ.ਐਚ.ਏ.ਆਈ.) ਦੇ ਪੱਖ ਵਿੱਚ ਪੈਂਡਿੰਗ ਇੰਤਕਾਲਾਂ ਦੇ ਜਲਦ ਨਿਪਟਾਰੇ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਉਨ੍ਹਾਂ ਅਧਿਕਾਰੀਆਂ ਨੂੰ ਸਾਰੇ ਪੈਂਡਿੰਗ ਇੰਤਕਾਲਾਂ ਬਾਰੇ ਇੱਕ ਵਿਸਥਾਰਤ ਰਿਪੋਰਟ ਤਿਆਰ ਕਰਨ ਅਤੇ ਬੁਨਿਆਦੀ ਢਾਂਚੇ ਨਾਲ ਸਬੰਧਤ ਮਹੱਤਵਪੂਰਣ ਪ੍ਰਾਜੈਕਟਾਂ ਦੇ ਕੰਮ ਵਿੱਚ ਤੇਜ਼ੀ ਲਿਆਉਣ ਲਈ ਇਨ੍ਹਾਂ ਦਾ ਜਲਦ ਨਿਪਟਾਰਾ ਯਕੀਨੀ ਬਣਾਉਣ ਦੀ ਹਦਾਇਤ ਕੀਤੀ। ਚੱਲ ਰਹੇ ਹਾਈਵੇ ਪ੍ਰਾਜੈਕਟਾਂ ਨੂੰ ਜ਼ਿਲ੍ਹੇ ਦੇ ਆਰਥਿਕ ਵਿਕਾਸ ਲਈ ਮੀਲ ਪੱਥਰ ਕਰਾਰ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬਿਹਤਰ ਖੇਤਰੀ ਸੰਪਰਕ ਵਿਕਾਸ ਲਈ ਨਵੇਂ ਰਸਤੇ ਖੋਲ੍ਹੇਗਾ। ਉਨ੍ਹਾਂ ਚੱਲ ਰਹੇ ਸਾਰੇ ਕਾਰਜਾਂ ਨੂੰ ਸਮੇਂ ਸਿਰ ਪੂਰਾ ਕਰਨ ਨੂੰ ਯਕੀਨੀ ਬਣਾਉਣ ਲਈ ਤਾਲਮੇਲ ਵਾਲੇ, ਅੰਤਰ-ਵਿਭਾਗੀ ਯਤਨਾਂ ’ਤੇ ਜ਼ੋਰ ਦਿੱਤਾ। ਡਾ. ਅਗਰਵਾਲ ਨੇ ਐਨ.ਐਚ.ਏ.ਆਈ. ਦੇ ਅਧਿਕਾਰੀਆਂ ਨੂੰ ਜਲੰਧਰ-ਫਗਵਾੜਾ ਹਾਈਵੇ 'ਤੇ ਢੁੱਕਵੀਂ ਸਾਫ਼-ਸਫਾਈ, ਕਾਰਜਸ਼ੀਲ ਲਾਈਟਾਂ, ਪੁਲਿਸ ਟੀਮਾਂ ਦੀ ਤਾਇਨਾਤੀ ਅਤੇ ਸੁਚਾਰੂ ਟ੍ਰੈਫਿਕ ਪ੍ਰਬੰਧਨ ਯਕੀਨੀ ਬਣਾਉਣ ਦੇ ਨਿਰਦੇਸ਼ ਵੀ ਦਿੱਤੇ। ਉਨ੍ਹਾਂ ਨੇ ਅਧਿਕਾਰੀਆਂ ਨੂੰ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨਾਲੋਜੀ (ਐਨ.ਆਈ.ਟੀ.) ਦੀ ਲੋਕੇਸ਼ਨ ਦਰਸਾਉਂਦੇ ਸਾਈਨ ਬੋਰਡ ਲਗਾਉਣ ਦੀ ਹਦਾਇਤ ਵੀ ਕੀਤੀ ਤਾਂ ਜੋ ਇਸ ਪ੍ਰਮੁੱਖ ਸੰਸਥਾ ਵਿੱਚ ਆਉਣ ਵਾਲੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਸਹੂਲਤ ਮਿਲ ਸਕੇ। ਮੀਟਿੰਗ ਦੌਰਾਨ ਪੀ.ਏ.ਪੀ. ਫਲਾਈਓਵਰ 'ਤੇ ਵਾਧੂ ਰੈਂਪ ਦੇ ਨਿਰਮਾਣ, ਰਾਸ਼ਟਰੀ ਰਾਜਮਾਰਗਾਂ ਦੇ ਨਾਲ ਮੀਂਹ ਦੇ ਪਾਣੀ ਦੀ ਨਿਕਾਸੀ, ਟੋਇਆਂ ਦੀ ਮੁਰੰਮਤ ਅਤੇ ਸੁੰਦਰੀਕਰਨ ਦੇ ਚੱਲ ਰਹੇ ਕੰਮਾਂ ਦੀ ਪ੍ਰਗਤੀ ਦੀ ਸਮੀਖਿਆ ਵੀ ਕੀਤੀ ਗਈ। ਡਾ. ਅਗਰਵਾਲ ਨੇ ਖਾਸ ਕਰ ਆਉਣ ਵਾਲੇ ਧੁੰਦ ਦੇ ਮੌਸਮ ਦੇ ਮੱਦੇਨਜ਼ਰ ਰਾਸ਼ਟਰੀ ਰਾਜਮਾਰਗਾਂ ਨੂੰ ਯਾਤਰੀਆਂ ਲਈ ਸੁਰੱਖਿਅਤ ਬਣਾਉਣ ਦੀ ਮਹੱਤਤਾ 'ਤੇ ਜ਼ੋਰ ਦਿੱਤਾ ।

PUBLISHED BY LMI DAILY NEWS PUNJAB

Ramesh Gaba

12/6/20251 min read

white concrete building
white concrete building

My post content