ਘੁਮਾਣ ਪੁਲਿਸ ਵੱਲੋਂ ਵੱਡੀ ਸਫਲਤਾ, ਬਜ਼ੁਰਗ ਦੇ ਕਾਤਲ ਦੋ ਲੁਟੇਰੇ ਗਿਰੋਹ ਸਮੇਤ ਕਾਬੂ
ਘੁਮਾਣ, (ਜਸਪਾਲ ਚੰਦਨ) – ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਘੁਮਾਣ ਵਿੱਚ ਪੁਲਿਸ ਨੇ ਸਿਰਫ਼ 36 ਘੰਟਿਆਂ ਵਿੱਚ ਵੱਡੀ ਸਫਲਤਾ ਹਾਸਲ ਕਰਦਿਆਂ ਇਕ ਬਜ਼ੁਰਗ ਦੀ ਹੱਤਿਆ ਅਤੇ ਲੁਟ ਮਾਮਲੇ ਨਾਲ ਜੁੜੇ ਦੋਸ਼ੀਆਂ ਨੂੰ ਗਿਰਫ਼ਤਾਰ ਕਰਨ ਵਿੱਚ ਕਾਮਯਾਬੀ ਪ੍ਰਾਪਤ ਕੀਤੀ ਹੈ। ਜਾਣਕਾਰੀ ਅਨੁਸਾਰ ਬੀਤੇ ਦਿਨੀਂ ਕਸਬਾ ਘੁਮਾਣ ਦੇ ਬਜ਼ੁਰਗ ਸਾਮ ਸਿੰਘ ਨੂੰ ਮੋਟਰਸਾਈਕਲ ਸਵਾਰ ਦੋ ਲੁਟੇਰਿਆਂ ਵੱਲੋਂ ਜ਼ਖ਼ਮੀ ਕਰਕੇ 28 ਹਜ਼ਾਰ ਰੁਪਏ ਖੋਹ ਲਏ ਗਏ ਸਨ। ਗੰਭੀਰ ਜ਼ਖ਼ਮਾਂ ਕਾਰਨ ਸਾਮ ਸਿੰਘ ਦੀ ਇਲਾਜ ਦੌਰਾਨ ਮੌਤ ਹੋ ਗਈ ਸੀ। ਇਸ ਸਬੰਧੀ ਥਾਣਾ ਘੁਮਾਣ ਵਿੱਚ ਮਾਮਲਾ ਦਰਜ ਕਰਕੇ ਪੁਲਿਸ ਵੱਲੋਂ ਤੁਰੰਤ ਕਾਰਵਾਈ ਸ਼ੁਰੂ ਕੀਤੀ ਗਈ ਸੀ। ਐਸ.ਐਸ.ਪੀ. ਬਟਾਲਾ ਸੁਹੇਲ ਕਾਸਿਮ ਮੀਰ IPS ਦੀਆਂ ਹਦਾਇਤਾਂ ਹੇਠ SHO ਗਗਨਦੀਪ ਸਿੰਘ ਢੀਂਡਸਾ ਦੀ ਅਗਵਾਈ ਵਿੱਚ ਪੁਲਿਸ ਨੇ ਛਾਪੇਮਾਰੀਆਂ ਕਰਦਿਆਂ ਦੋਸ਼ੀਆਂ ਨੂੰ ਕਾਬੂ ਕਰ ਲਿਆ। ਪੁਲਿਸ ਨੇ ਦੋਸ਼ੀਆਂ ਦੇ ਕਬਜ਼ੇ ਤੋਂ ਲੁਟ ਦੀ ਵਾਰਦਾਤ ਵਿੱਚ ਵਰਤਿਆ ਮੋਟਰਸਾਈਕਲ ਅਤੇ ਲੁੱਟੀ ਗਈ ਰਕਮ ਵਿੱਚੋਂ 8 ਹਜ਼ਾਰ ਰੁਪਏ ਵੀ ਬਰਾਮਦ ਕੀਤੇ ਹਨ। ਗਿਰਫ਼ਤਾਰ ਕੀਤੇ ਗਏ ਦੋਸ਼ੀਆਂ ਦੀ ਪਛਾਣ ਸਤਨਾਮ ਸਿੰਘ ਵਾਸੀ ਮਾੜੀ ਪੰਨਵਾਂ ਅਤੇ ਮਲਕੀਤ ਸਿੰਘ ਵਾਸੀ ਧੀਰੋਵਾਲ ਵਜੋਂ ਹੋਈ ਹੈ। ਪੁਲਿਸ ਅਨੁਸਾਰ ਦੋਹਾਂ ਉਤੇ ਪਹਿਲਾਂ ਵੀ ਕਈ ਸੰਗੀਨ ਮਾਮਲੇ ਦਰਜ ਹਨ। ਇਸ ਸਬੰਧੀ ਡੀ.ਐਸ.ਪੀ. ਸ੍ਰੀ ਹਰਗੋਬਿੰਦਪੁਰ ਸਾਹਿਬ ਹਰੀਸ਼ ਬਹਿਲ ਨੇ ਦੱਸਿਆ ਕਿ ਘੁਮਾਣ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਵਾਰਦਾਤ ਦਾ ਖੁਲਾਸਾ ਕਰਕੇ ਇਲਾਕੇ ਦੇ ਲੋਕਾਂ ਵਿੱਚ ਭਰੋਸਾ ਪੈਦਾ ਕੀਤਾ ਹੈ।
PUBLISHED BY LMI DAILY NEWS PUNJAB
My post content
