ਜਲੰਧਰ ਪ੍ਰਸ਼ਾਸਨ ਵਲੋਂ ਫੌਜ ਦੀ ਮਦਦ ਨਾਲ ਧੁੱਸੀ ਬੰਨ੍ਹ ਨੂੰ ਕੀਤਾ ਜਾਵੇਗਾ ਹੋਰ ਮਜ਼ਬੂਤ* - ਸੰਤ ਸੀਚੇਵਾਲ ਅਤੇ ਡਿਪਟੀ ਕਮਿਸ਼ਨਰ ਵਲੋਂ ਮੰਡਾਲਾ ਛੰਨਾ 'ਚ 24 ਘੰਟੇ ਰੱਖੀ ਜਾ ਰਹੀ ਹੈ ਨਿਗਰਾਨੀ
ਜਲੰਧਰ, 15 ਸਤੰਬਰ :(ਰਮੇਸ਼ ਗਾਬਾ) ਜਲੰਧਰ ਪ੍ਰਸ਼ਾਸਨ ਵਲੋਂ ਪਿੰਡ ਮੰਡਾਲਾ ਛੰਨਾ ਨੇੜੇ ਧੁੱਸੀ ਬੰਨ੍ਹ ਨੂੰ ਹੋਰ ਮਜ਼ਬੂਤ ਕਰਨ ਲਈ ਫੌਜ ਦੀ ਸਹਾਇਤਾ ਲਈ ਜਾਵੇਗੀ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ, ਵਧੀਕ ਡਿਪਟੀ ਕਮਿਸ਼ਨਰ ਜਸਬੀਰ ਸਿੰਘ, ਐਸ.ਡੀ.ਐਮ. ਸ਼ਾਹਕੋਟ ਸ਼ੁਭੀ ਆਂਗਰਾ ਅਤੇ ਡੀ.ਐਸ.ਪੀ. ਓਂਕਾਰ ਸਿੰਘ ਸਮੇਤ ਧੁੱਸੀ ਬੰਨ੍ਹ ਨੂੰ ਮਜ਼ਬੂਤ ਕੀਤੇ ਜਾਣ ਵਾਲੇ ਸਥਾਨ 'ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਵਿੱਚ ਕਰਵਾਏ ਜਾ ਰਹੇ ਕਾਰਜਾਂ ਦੀ ਨਿਗਰਾਨੀ ਕਰ ਰਹੇ ਹਨ। ਉਨ੍ਹਾਂ ਵਲੋਂ ਡਰੇਨਜ਼ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਸਮੇਤ ਸੈਂਕੜੇ ਵਲੰਟੀਅਰਾਂ ਵਲੋਂ ਸੰਵੇਦਨਸ਼ੀਲ ਕੰਢੇ ਨੂੰ ਮਜ਼ਬੂਤ ਤੇ ਸੁਰੱਖਿਅਤ ਕਰਨ ਲਈ ਦਿਨ-ਰਾਤ ਕੰਮ ਕੀਤਾ ਜਾ ਰਿਹਾ ਹੈ। ਡਾ.ਅਗਰਵਾਲ ਲੇ ਦੱਸਿਆ ਕਿ ਸਾਰੀ ਸਥਿਤੀ ਨਿਗਰਾਨੀ ਹੇਠ ਹੈ ਅਤੇ ਆਰਮੀ ਦੇ ਤਾਇਨਾਤ ਹੋਣ ਨਾਲ ਵਾਧੂ ਮਨੁੱਖੀ ਸਾਧਨ ਅਤੇ ਤਕਨੀਕੀ ਮਦਦ ਮਿਲਣ ਨਾਲ ਚੱਲ ਰਹੇ ਯਤਨਾਂ ਨੂੰ ਹੋਰ ਹੁਲਾਰਾ ਮਿਲੇਗਾ। ਉਨ੍ਹਾਂ ਕਿਹਾ ਕਿ ਫੌਜ ਦੀ ਸਰਗਰਮ ਭਾਗੀਦਾਰੀ ਬੰਨ੍ਹ ਨੂੰ ਮਜ਼ਬੂਤ ਕੀਤੇ ਜਾ ਰਹੇ ਯਤਨਾਂ ਨੂੰ ਹੋਰ ਤੇਜ਼ ਕਰੇਗੀ ਅਤੇ ਕਿਸੇ ਵੀ ਅਣਸੁਖਾਵੀਂ ਸਥਿਤੀ ਦੇ ਪੈਦਾ ਹੋਣ ਤੋਂ ਪਹਿਲਾਂ ਬੰਨ੍ਹ ਦੀ ਸੁਰੱਖਿਆ ਨੂੰ ਯਕੀਨੀ ਬਣਾਏਗੀ। ਸੰਤ ਸੀਚੇਵਾਲ ਨੇ ਸਭ ਵਰਗਾਂ ਦੇ ਲੋਕਾਂ, ਪ੍ਰਸ਼ਾਸਨਿਕ ਅਧਿਕਾਰੀਆਂ ਤੇ ਕਰਮਚਾਰੀਆਂ ਵਲੋਂ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹੁਣ ਫੌਜ ਵਲੋਂ ਮੋਢੇ ਨਾਲ ਮੋਢਾ ਜੋੜ ਕੇ ਬੰਨ੍ਹ ਦੀ ਹੋਰ ਮਜ਼ਬੂਤੀ ਲਈ ਕੰਮ ਕੀਤਾ ਜਾ ਰਿਹਾ ਹੈ। ਸੰਤ ਸੀਚੇਵਾਲ ਅਤੇ ਡਾ. ਅਗਰਵਾਲ ਵਲੋਂ ਭਰੋਸਾ ਦਿੱਤਾ ਗਿਆ ਕਿ ਇਲਾਕੇ ਵਿੱਚ ਕਿਸੇ ਵੀ ਹੜ੍ਹਾਂ ਵਰਗੀ ਸਥਿਤੀ ਨੂੰ ਰੋਕਣ ਲਈ ਸਮੇਂ ਸਿਰ ਧੁੱਸੀ ਬੰਨ੍ਹ ਨੂੰ ਮਜ਼ਬੂਤ ਕਰ ਲਿਆ ਜਾਵੇਗਾ। ਉਨ੍ਹਾਂ ਔਖੀ ਘੜੀ ਤੋਂ ਲੋਕਾਂ ਨੂੰ ਬਚਾਉਣ ਲਈ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ ਅਤੇ ਭਰੋਸਾ ਦੁਆਇਆ ਕਿ ਪਿੰਡਾਂ ਦੀ ਸੁਰੱਖਿਆ ਲਈ ਹਰ ਸੰਭਵ ਉਪਰਾਲਿਆਂ ਨੂੰ ਵਰਤੋਂ ਵਿੱਚ ਲਿਆਂਦਾ ਜਾ ਰਿਹਾ ਹੈ। ---------------------
PUBLISHED BY LMI DAILY NEWS PUNJAB
My post content
