ਬਾਲ ਭਿੱਖਿਆ ਰੋਕੂ ਟਾਸਕ ਫੋਰਸ ਵੱਲੋਂ ਛਾਪੇਮਾਰੀ, ਭੀਖ ਮੰਗਦੀਆਂ 2 ਬੱਚੀਆਂ ਛੁਡਵਾਈਆਂ
ਜਲੰਧਰ, 17 ਸਤੰਬਰ :(ਰਮੇਸ਼ ਗਾਬਾ) ਬਾਲ ਭੀਖ ਮੰਗਣ ਨੂੰ ਜੜ੍ਹੋਂ ਖ਼ਤਮ ਕਰਨ ਲਈ ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ਚਲਾਏ ਜਾ ਰਹੇ ਜੀਵਨਜੋਤ ਪ੍ਰਾਜੈਕਟ 2.0 ਤਹਿਤ ਜ਼ਿਲ੍ਹਾ ਪੱਧਰੀ ਬਾਲ ਭਿੱਖਿਆ ਰੋਕੂ ਟਾਸਕ ਫੋਰਸ ਵੱਲੋਂ ਅੱਜ ਇਥੇ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਅਜੈ ਭਾਰਤੀ ਦੀ ਅਗਵਾਈ ਹੇਠ ਬੀ.ਐਮ.ਸੀ. ਚੌਕ, ਗੁਰੂ ਨਾਨਕ ਮਿਸ਼ਨ ਚੌਕ, ਬੱਸ ਸਟੈਂਡ ਅਤੇ ਪਿਮਸ ਨੇੜੇ ਛਾਪੇਮਾਰੀ ਕੀਤੀ ਗਈ। ਛਾਪੇਮਾਰੀ ਦੌਰਾਨ ਪਿਮਸ ਹਸਪਤਾਲ ਦੇ ਬਾਹਰਲੇ ਇਲਾਕੇ ’ਚੋਂ ਭੀਖ ਮੰਗਦੀਆਂ 2 ਬੱਚੀਆਂ ਨੂੰ ਰੈਸਕਿਊ ਕੀਤਾ ਗਿਆ। ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਲੜਕੀਆਂ ਦੀ ਉਮਰ 8-11 ਸਾਲ ਦੇ ਕਰੀਬ ਹੈ, ਜਿਨ੍ਹਾਂ ਨੂੰ ਮੈਡੀਕਲ ਕਰਵਾਉਣ ਉਪਰੰਤ ਬਾਲ ਭਲਾਈ ਕਮੇਟੀ ਅੱਗੇ ਪੇਸ਼ ਕਰਨ ਤੋਂ ਬਾਅਦ ਚਿਲਡਰਨ ਹੋਮ ਗਾਂਧੀ ਵਾਨਿਤਾ ਆਸ਼ਰਮ ਵਿਖੇ ਸ਼ੈਲਟਰ ਪ੍ਰਦਾਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਬੱਚੀਆਂ ਦੇ ਮਾਪਿਆਂ ਦੇ ਬਾਲ ਭਲਾਈ ਕਮੇਟੀ ਅੱਗੇ ਪੇਸ਼ ਹੋਣ ਤੋਂ ਬਾਅਦ ਅਗਲੇਰੀ ਕਾਰਵਾਈ ਆਰੰਭੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਬੱਚਾ ਭੀਖ ਮੰਗਦਾ ਜਾਂ ਬਾਲ ਮਜ਼ਦੂਰੀ ਕਰਦਾ ਮਿਲਦਾ ਹੈ ਤਾਂ ਉਸ ਦੀ ਸੂਚਨਾ ਚਾਈਲਡ ਲਾਈਨ 1098 ’ਤੇ ਦਿੱਤੀ ਜਾਵੇ। ਉਨ੍ਹਾਂ ਨਾਗਰਿਕਾਂ ਨੂੰ ਵੀ ਅਪੀਲ ਕੀਤੀ ਕਿ ਕਿਸੇ ਵੀ ਬੱਚੇ ਨੂੰ ਚੰਦ ਪੈਸੇ ਦੇ ਕੇ ਬਾਲ ਭਿੱਖਿਆ ਨੂੰ ਉਤਸ਼ਾਹਿਤ ਨਾ ਕੀਤਾ ਜਾਵੇ ਸਗੋਂ ਬਾਲ ਭੀਖ ਮੰਗਣ ਨੂੰ ਜੜ੍ਹੋਂ ਖਤਮ ਕਰਨ ਲਈ ਸਰਕਾਰ ਵੱਲੋਂ ਚਲਾਈ ਵਿਸ਼ੇਸ਼ ਮੁਹਿੰਮ ਵਿੱਚ ਸਹਿਯੋਗ ਦਿੱਤਾ ਜਾਵੇ। ਸ਼੍ਰੀ ਭਾਰਤੀ ਨੇ ਇਹ ਵੀ ਦੱਸਿਆ ਕਿ ਜੇਕਰ ਕੋਈ ਮਾਤਾ-ਪਿਤਾ ਬੱਚੇ ਤੋਂ ਭੀਖ ਮੰਗਵਾਉਂਦਾ ਪਾਇਆ ਗਿਆ ਤਾਂ ਮਾਪਿਆਂ ਖਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਆਊਟਰੀਚ ਵਰਕਰ ਗੌਰਵ ਕੁਮਾਰ, ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਜਲੰਧਰ ਤੋਂ ਚਾਈਲਡਲਾਈਨ ਸਟਾਫ ਗੁਰਪ੍ਰੀਤ ਸਿੰਘ ਅਤੇ ਗੁਰਸ਼ਰਨ ਕੌਰ ਆਦਿ ਵੀ ਮੌਜੂਦ ਸਨ।
PUBLISHED BY LMI DAILY NEWS PUNJAB
My post content
