ਬਟਾਲਾ ਦੇ ਇਲੈਕਟ੍ਰੋਨਿਕ ਗੋਦਾਮ ਵਿੱਚ ਅਚਾਨਕ ਅੱਗ, 25 ਲੱਖ ਦਾ ਨੁਕਸਾਨ,,,. ਫਾਇਰ ਬ੍ਰਿਗੇਡ ਦੀ ਤੁਰੰਤ ਕਾਰਵਾਈ ਨਾਲ ਵੱਡੀ ਤਬਾਹੀ ਤੋਂ ਬਚਾਅ
ਗੁਰਦਾਸਪੁਰ/ਬਟਾਲਾ 22 ਸਿਤੰਬਰ 2025 (ਜਸਪਾਲ ਚੰਦਨ):ਬਟਾਲਾ ਵਿੱਚ ਅੱਜ ਸਵੇਰੇ ਲਗਭਗ 7:45 ਵਜੇ ਉੱਤਮ ਨਗਰ, ਪੁਲਿਸ ਲਾਈਨ ਰੋਡ ਸਾਹਮਣੇ ਭੁੱਲਰ ਪੈਲਸ ਵਾਲੀ ਗਲੀ ’ਚ ਸਥਿਤ ਇੱਕ ਇਲੈਕਟ੍ਰੋਨਿਕ ਸਮਾਨ ਨਾਲ ਭਰੇ ਗੋਦਾਮ ਵਿੱਚ ਅਚਾਨਕ ਅੱਗ ਲੱਗ ਗਈ। ਅੱਗ ਕਾਰਨ ਗੋਦਾਮ ਦੇ ਮਾਲਕ ਸਰਦਾਰ ਪਰਮਜੀਤ ਸਿੰਘ ਨੂੰ ਕਰੀਬ 24 ਤੋਂ 25 ਲੱਖ ਰੁਪਏ ਦਾ ਭਾਰੀ ਨੁਕਸਾਨ ਹੋਇਆ। ਸਰਦਾਰ ਪਰਮਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਸਟਾਰ ਇਲੈਕਟ੍ਰੋ ਵਰਲਡ ਨਾਂ ਦੀ ਦੁਕਾਨ ਗੁਰਦਾਸਪੁਰ ਰੋਡ ਭਾਈਆਂ ਦੀ ਹੱਟੀ ਦੇ ਸਾਹਮਣੇ ਹੈ ਅਤੇ ਇਹ ਗੋਦਾਮ ਉਸੇ ਨਾਲ ਸੰਬੰਧਤ ਸੀ। ਉਹਨਾਂ ਕਿਹਾ ਕਿ ਕਰੀਬ ਪੌਣੇ 8 ਵਜੇ ਉਨ੍ਹਾਂ ਨੂੰ ਫ਼ੋਨ ਰਾਹੀਂ ਅੱਗ ਲੱਗਣ ਦੀ ਸੂਚਨਾ ਮਿਲੀ। ਮੌਕੇ ’ਤੇ ਪਹੁੰਚਣ ’ਤੇ ਉਨ੍ਹਾਂ ਵੇਖਿਆ ਕਿ ਗੋਦਾਮ ਦਾ ਜ਼ਿਆਦਾਤਰ ਸਮਾਨ ਸੜ ਕੇ ਸੁਆਹ ਹੋ ਚੁੱਕਾ ਸੀ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀ ਟੀਮ ਨੀਰਜ ਸ਼ਰਮਾ ਦੀ ਅਗਵਾਈ ਹੇਠ ਮੌਕੇ ’ਤੇ ਪਹੁੰਚੀ। ਚਾਰ ਗੱਡੀਆਂ ਦੀ ਮਦਦ ਨਾਲ ਬੜੀ ਮਿਹਨਤ ਕਰਕੇ ਅੱਗ ’ਤੇ ਕਾਬੂ ਪਾਇਆ ਗਿਆ। ਗਨੀਮਤ ਇਹ ਰਹੀ ਕਿ ਕਿਸੇ ਵੀ ਪ੍ਰਕਾਰ ਦਾ ਜਾਨੀ ਨੁਕਸਾਨ ਨਹੀਂ ਹੋਇਆ। ਇਸ ਘਟਨਾ ਦੀ ਖ਼ਬਰ ਮਿਲਦਿਆਂ ਹੀ ਬਟਾਲਾ ਦੇ ਵਿਧਾਇਕ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਸ਼ੈਰੀ ਕਲਸੀ ਦੇ ਭਰਾ ਅੰਮ੍ਰਿਤ ਕਲਸੀ ਵੀ ਮੌਕੇ ’ਤੇ ਪਹੁੰਚੇ। ਉਨ੍ਹਾਂ ਪਰਿਵਾਰ ਨਾਲ ਮਿਲ ਕੇ ਦੁੱਖ ਸਾਂਝਾ ਕੀਤਾ ਅਤੇ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਅੱਗ ਨਾਲ ਜੂਝ ਰਹੀ ਫਾਇਰ ਬ੍ਰਿਗੇਡ ਦੀ ਟੀਮ ਦੀ ਪਿੱਠ ਵੀ ਥਪਥਪਾਈ ਅਤੇ ਕਿਹਾ ਕਿ ਜਿਵੇਂ ਇਹ ਆਪਣੇ ਪਰਿਵਾਰਕ ਜ਼ਿੰਮੇਵਾਰੀਆਂ ਤੋਂ ਇਲਾਵਾ ਲੋਕਾਂ ਲਈ ਸੇਵਾ ਕਰਦੇ ਹਨ, ਉਹਨਾਂ ਦੀ ਵੀ ਜਿੰਨੀ ਹੋ ਸਕੇ ਆਰਥਿਕ ਮਦਦ ਕੀਤੀ ਜਾਣੀ ਚਾਹੀਦੀ ਹੈ।
My post content
